Punjab News: ਕਪੂਰਥਲਾ ਦੇ ਫਗਵਾੜਾ ਦੇ ਗੁਰਦੁਆਰਾ ਚੌੜਾ ਖੂਹ ਸਾਹਿਬ ਵਿਖੇ ਨਿਹੰਗਾਂ ਨੇ ਬੇਅਦਬੀ ਦੇ ਸ਼ੱਕ 'ਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਨੌਜਵਾਨ ਨੂੰ ਤਲਵਾਰ ਨਾਲ ਵੱਢ ਕੇ ਮਾਰ ਦਿੱਤਾ ਗਿਆ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉੱਥੇ ਪਹੁੰਚੀ ਤਾਂ ਲੁਧਿਆਣਾ ਦੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਨੇ ਆਪਣੇ ਆਪ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਬੰਦ ਕਰ ਲਿਆ। ਇਸ ਤੋਂ ਬਾਅਦ ਜਦੋਂ ਨਿਹੰਗ ਨੇ ਆਤਮ ਸਮਰਪਣ ਕੀਤਾ ਤਾਂ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।


 


ਕਤਲ ਤੋਂ ਪਹਿਲਾਂ ਉਸ ਨੇ ਨੌਜਵਾਨ ਦੀ ਵੀਡੀਓ ਬਣਾਈ ਜਿਸ ਵਿੱਚ ਨੌਜਵਾਨ ਨੇ ਕਿਹਾ ਕਿ ਉਹ ਇੱਥੇ ਬੇਅਦਬੀ ਕਰਨ ਆਇਆ ਸੀ। ਉਸ ਨੂੰ ਬੇਅਦਬੀ ਲਈ ਪੈਸੇ ਮਿਲਣੇ ਸਨ। ਉਹ ਬੇਅਦਬੀ ਲਈ ਕਿਸੇ ਸੁੱਖੀ ਦਾ ਨਾਂ ਲੈ ਰਿਹਾ ਹੈ। ਨੌਜਵਾਨ ਦਾ ਮੰਗਲਵਾਰ ਸਵੇਰੇ 3 ਵਜੇ ਕਤਲ ਕਰ ਦਿੱਤਾ ਗਿਆ।






ਕੀ ਕਿਹਾ ਵੀਡੀਓ ਵਿੱਚ


ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਨੇ ਨੌਜਵਾਨ ਨੂੰ ਮਾਰਨ ਤੋਂ ਪਹਿਲਾਂ ਉਸ ਦੀ ਵੀਡੀਓ ਬਣਾਈ। ਜਿਸ ਵਿੱਚ ਨਿਹੰਗ ਨੌਜਵਾਨ ਤੋਂ ਪੁੱਛਗਿੱਛ ਕਰ ਰਿਹਾ ਹੈ।ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਬੇਅਦਬੀ ਲਈ 2 ਤੋਂ 3 ਹਜ਼ਾਰ ਰੁਪਏ ਮਿਲਣੇ ਸਨ। ਨੌਜਵਾਨ ਨੇ ਕਿਹਾ ਕਿ ਸੁੱਖੀ ਨੇ ਉਸ ਨੂੰ ਭੇਜਿਆ ਹੈ। ਉਸ ਨੂੰ ਕਿਹਾ ਕਿ ਜਾ ਕੇ ਗੁਰਦੁਆਰੇ ਵਿੱਚ ਬੈਠ ਕੇ ਗਲਤ ਕੰਮ ਕਰੇ ਪਰ ਮੈਂ ਕੁਝ ਨਹੀਂ ਕੀਤਾ, ਮੈਂ ਇਮਾਨਦਾਰ ਅਤੇ ਮਿਹਨਤੀ ਹਾਂ। ਅੱਗੋਂ ਨਿਹੰਗ ਨੇ ਪੁੱਛਿਆ ਕਿ ਕੀ ਉਸ ਨੂੰ ਬਾਣੀ ਨਾਲ ਕੁਝ ਕਰਨ ਲਈ ਕਿਹਾ ਗਿਆ ਤਾਂ ਨੌਜਵਾਨ ਨੇ ਕਿਹਾ ਕਿ ਹਾਂ, ਮੈਨੂੰ ਛੇੜਛਾੜ ਕਰਨ ਅਤੇ ਅਪਸ਼ਬਦ ਲਿਖਣ ਲਈ ਕਿਹਾ ਗਿਆ ਸੀ। ਨੌਜਵਾਨ ਵਾਰ-ਵਾਰ ਕਹਿੰਦਾ ਰਿਹਾ ਕਿ ਮੈਂ ਕੁਝ ਨਹੀਂ ਕੀਤਾ।


ਪੁਲਿਸ ਨੇ ਨਹਿੰਗ ਨੂੰ ਕੀਤਾ ਗ੍ਰਿਫ਼ਤਾਰ


ਕਤਲ ਦਾ ਪਤਾ ਲੱਗਦਿਆਂ ਹੀ ਭਾਰੀ ਪੁਲਿਸ ਫੋਰਸ ਗੁਰਦੁਆਰਾ ਸਾਹਿਬ ਪਹੁੰਚ ਗਈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ 'ਤੇ ਨਿਹੰਗਾਂ ਦਾ ਵੀ ਇਕੱਠ ਹੋ ਰਿਹਾ ਹੈ। ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।ਪੁਲਿਸ ਨੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੇ ਖਿਲਾਫ ਆਈਪੀਸੀ ਦੀ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।