Jalandhar News: ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੂਬੇ ਤੋਂ ਬਾਹਰਲੇ ਬੰਦਿਆਂ ਨੂੰ ਵਾਹੀਯੋਗ ਜ਼ਮੀਨ ਖਰੀਦਣ ਤੇ ਵੋਟ ਬਣਾਉਣ ’ਤੇ ਰੋਕ ਲਗਾਉਣ ਬਾਰੇ ਬਿੱਲ ਲਿਆਂਦਾ ਜਾਵੇ। ਉਨ੍ਹਾਂ ਪੱਤਰ ਵਿੱਚ ਕਿਹਾ ਕਿ 2 ਸਤੰਬਰ ਨੂੰ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਹ ਅਹਿਮ ਬਿੱਲ ਲਿਆਂਦਾ ਜਾਵੇ। 








ਉਨ੍ਹਾਂ ਕਿਹਾ ਕਿ ਇਸੇ ਬਿੱਲ ਬਾਰੇ 20 ਮਹੀਨੇ ਪਹਿਲਾਂ ਮੈਂ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਮਿਲੇ ਸਨ। ਉਨ੍ਹਾਂ ਸਵਾਲ ਕਰਦਿਆਂ ਸਪੀਕਰ ਨੂੰ ਪੁੱਛਿਆ ਕਿ ਉਹ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਨ੍ਹਾਂ ਨੂੰ ਇਹ ਬਿੱਲ ਨਾ ਲਿਆਉਣ ਲਈ ਕੀ ਦਿੱਲੀ ਦੇ ‘ਆਪ’ ਆਗੂਆਂ ਨੇ ਕੋਈ ਦਬਾਅ ਬਣਾਇਆ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਸੰਗਰੂਰ ਲੋਕ ਸਭਾ ਦੀਆਂ ਚੋਣਾਂ ਵਿੱਚ ਇਸ ਮੁੱਦੇ ਨੂੰ ਉਠਾਇਆ ਸੀ ਤਾਂ ਬਹੁਤ ਸਾਰੇ ਵਿਧਾਇਕ ਵੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਨ ਸਮਝ ਸਕੇ। 



ਉਨ੍ਹਾਂ ਕਿਹਾ ਕਿ ਨਾ ਸਿਰਫ ਹਿਮਾਚਲ ਬਲਕਿ ਗੁਜਰਾਤ, ਰਾਜਸਥਾਨ ਅਤੇ ਹੁਣ ਉਤਰਾਖੰਡ ਵਿੱਚ ਵੀ ਅਜਿਹਾ ਹੀ ਕਾਨੂੰਨ ਹੈ ਜਿਸ ਅਨੁਸਾਰ ਕੋਈ ਬਾਹਰਲਾ ਬੰਦਾ ਸੂਬੇ ਵਿੱਚ ਨਾ ਵਾਹੀਯੋਗ ਜ਼ਮੀਨ ਖਰੀਦ ਸਕਦਾ ਹੈ ਤੇ ਨਾ ਹੀ ਵੋਟਰ ਬਣ ਸਕਦਾ ਹੈ। ਖਹਿਰਾ ਨੇ ਕਿਹਾ ਕਿ ਉਹ ਮਾਮਲੇ ਨੂੰ ਸਮਝਾਉਣ ਵਿੱਚ ਅਸਫਲ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਖ਼ਬਰਦਾਰ ਕਰਨਾ ਚਾਹੁੰਦੇ ਹਨ ਕਿ ਜੇ ਇਹ ਕਾਨੂੰਨ ਲਾਗੂ ਨਾ ਕੀਤਾ ਤਾਂ ਪੰਜਾਬੀ ਆਪਣੀ ਪਛਾਣ, ਮਾਂ ਬੋਲੀ ਤੇ ਸੱਭਿਆਚਾਰ ਗੁਆ ਬੈਠਣਗੇ।