Jalandhar Bypoll : ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ ਹੈ। ਇਸ ਉਪਰ ਸਵਾਲ ਉੱਠਣ ਲੱਗੇ ਹਨ ਕਿਉਂਕਿ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ 'ਆਪ' ਵਿੱਚ ਆਏ ਅਜੇ 24 ਘੰਟੇ ਹੀ ਹੋਏ ਸੀ ਕਿ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ। ਸੋਸ਼ਲ ਮੀਡੀਆ ਉਪਰ ਸਵਾਲ ਉੱਠ ਰਹੇ ਹਨ ਕਿ ਆਮ ਆਦਮੀ ਪਾਰਟੀ ਪਹਿਲਾਂ ਜਿਨ੍ਹਾਂ ਚੀਜ਼ਾਂ ਦਾ ਵਿਰੋਧ ਕਰਦੀ ਸੀ, ਹੁਣ ਖੁਦ ਹੀ ਕਰਨ ਲੱਗੀ ਹੈ।
ਉਧਰ, ਵਿਧਾਨ ਸਭਾ ਹਲਕਾ ਨਕੋਦਰ ਦੇ ਕਾਂਗਰਸੀ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਜਲੰਧਰ ਤੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਸ਼ਾਮਲ ਹੋਇਆਂ ਅਜੇ 24 ਘੰਟੇ ਵੀ ਨਹੀਂ ਬੀਤੇ ਸੀ ਕਿ ਉਨ੍ਹਾਂ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਜਲੰਧਰ ਲੋਕ ਸਭਾ ਸੀਟ ਲਈ ਸਰਵੇ ਕਰਵਾਇਆ ਜਾਵੇਗਾ ਤੇ ਲੋਕਾਂ ਦੀ ਪਸੰਦ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਸੁਸ਼ੀਲ ਰਿੰਕੂ ਦੇ ਨਾਂ ’ਤੇ ਮੋਹਰ ਲਾ ਦਿੱਤੀ ਗਈ ਹੈ।
ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਪਹਿਲੀ ਵਾਰ ਸਾਲ 2017 ਵਿੱਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਨ ਸਭਾ ਹਲਕਾ ਜਲੰਧਰ (ਪੱਛਮੀ) ਤੋਂ 17,334 ਵੋਟਾਂ ਦੇ ਫਰਕ ਨਾਲ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ। ਕਾਂਗਰਸ ਨੇ ਸਾਲ 2022 ਵਿੱਚ ਮੁੜ ਰਿੰਕੂ ਨੂੰ ਇਸੇ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ, ਪਰ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਉਨ੍ਹਾਂ ਨੂੰ 4253 ਵੋਟਾਂ ਤੋਂ ਹਰਾ ਦਿੱਤਾ ਸੀ।
ਕਾਬਿਲੇਗੌਰ ਹੈ ਕਿ ਜਲੰਧਰ ਲੋਕ ਸਭਾ ਸੀਟ ਸੰਸਦ ਮੈਂਬਰ ਸੰਤੋਖ ਚੌਧਰੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਸ ਸੀਟ ਲਈ 10 ਮਈ ਨੂੰ ਵੋਟਿੰਗ ਹੋਣੀ ਹੈ ਜਦੋਂਕਿ ਨਤੀਜਾ 13 ਮਈ ਨੂੰ ਆਏਗਾ। ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ 20 ਅਪਰੈਲ ਹੈ।
ਇਹ ਵੀ ਪੜ੍ਹੋ: Car Dealer Margin: 10 ਲੱਖ ਦੀ ਕਾਰ ਵੇਚ ਕੇ ਸ਼ੋਅਰੂਮ ਮਾਲਕ ਕਿੰਨੇ ਪੈਸੇ ਕਮਾਉਂਦੇ ਹਨ?