ਪੰਜਾਬੀ ਇੰਡਸਟਰੀ ਤੋਂ ਬੈਕ ਟੂ ਬੈਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਅਤੇ ਪੰਜਾਬ ਦੇ ਲੋਕ ਦੁਖਦਾਇਕ ਖਬਰਾਂ ਦੇ ਆਉਣ ਨਾਲ ਗ਼ਮਗੀਨ ਹਨ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਵਿੱਚ ਕਈ ਪੰਜਾਬੀ ਫਿਲਮੀ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ, ਜਿਨ੍ਹਾਂ ਵਿੱਚ ਪੰਜਾਬੀ ਫਿਲਮਾਂ ਦੇ ਕਾਮੇਡੀ ਦੇ ਬਾਦਸ਼ਾਹ ਜਸਪਿੰਦਰ ਭੱਲਾ, ਗਾਇਕ ਰਾਜਵੀਰ ਜਵੰਦਾ ਅਤੇ ਹੁਣ ਆਇਰਨਮੈਨ ਵਰਿੰਦਰ ਘੁੰਮਨ ਸ਼ਾਮਿਲ ਹਨ। ਇਹਨਾਂ ਦੀ ਅਚਾਨਕ ਮੌਤ ਨੇ ਪੂਰੇ ਪੰਜਾਬ ਨੂੰ ਸ਼ੋਕ ਵਿੱਚ ਡੁੱਬਾ ਦਿੱਤਾ। ਬੀਤੇ ਦਿਨੀਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਜੇ ਲੋਕੀਂ ਇਸ ਦੁੱਖ ਤੋਂ ਨਿਕਲੇ ਹੀ ਨਹੀਂ ਸੀ ਕਿ ਨਾਲ ਹੀ ਪੰਜਾਬ ਦਾ ਨਾਂ ਚਮਕਾਉਣ ਵਾਲੇ ਪੰਜਾਬ ਦੇ ਮਸ਼ਹੂਰ ਤੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਦੀ ਖਬਰ ਸਾਹਮਣੇ ਆ ਗਈ।
ਵਰਿੰਦਰ ਘੁੰਮਣ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਚੁੱਕੇ ਸਨ। ਉਹਨੂੰ ਦੁਨੀਆ ਦਾ ਪਹਿਲਾ ਸ਼ਾਕਾਹਾਰੀ ਪੇਸ਼ੇਵਰ ਬਾਡੀਬਿਲਡਰ ਮੰਨਿਆ ਜਾਂਦਾ ਹੈ। ਉਹਨਾਂ ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ ਅਤੇ ਮਿਸਟਰ ਏਸ਼ੀਆ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਸੀ। ਆਪਣੀ ਮਜ਼ਬੂਤ ਸਰੀਰ ਅਤੇ ਕਠਿਨ ਮਿਹਨਤ ਦੇ ਜ਼ਰੀਏ ਉਹਨਾਂ ਨੇ ਫਿਲਮ ਇੰਡਸਟਰੀ ਵਿੱਚ ਵੀ ਕਦਮ ਰੱਖਿਆ ਅਤੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ।
ਵਰਿੰਦਰ ਘੁੰਮਣ ਦੀ ਮ੍ਰਿਤਕ ਦੇਹ ਦੇਰ ਰਾਤ ਉਨ੍ਹਾਂ ਦੇ ਜਲੰਧਰ ਵਾਲੇ ਘਰ ਪਹੁੰਚੀ। ਘੁੰਮਣ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ। ਰਿਸ਼ਤੇਦਾਰ ਅਤੇ ਫੈਨਜ਼ ਵੀ ਆਪਣੇ ਹੰਝੂ ਰੋਕ ਨਹੀਂ ਪਾ ਰਹੇ।
‘ਮੈਨ ਆਫ ਇੰਡੀਆ’ ਦੇ ਨਾਂ ਨਾਲ ਵੀ ਮਸ਼ਹੂਰ ਸਨ
ਦੁਨੀਆ ਭਰ ਵਿੱਚ ਮਸ਼ਹੂਰ ਪੰਜਾਬੀ ਬਾਡੀਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋਇਆ। ਉਹ ਸ਼ਾਕਾਹਾਰੀ ਬਾਡੀਬਿਲਡਿੰਗ ਲਈ ਜਾਣੇ ਜਾਂਦੇ ਸਨ ਅਤੇ ‘ਮੈਨ ਆਫ ਇੰਡੀਆ’ ਦੇ ਨਾਂ ਨਾਲ ਵੀ ਮਸ਼ਹੂਰ ਸਨ।
ਬਾਡੀਬਿਲਡਿੰਗ ਦੇ ਨਾਲ-ਨਾਲ ਵਰਿੰਦਰ ਨੇ ਫਿਲਮ ਇੰਡਸਟਰੀ ਵਿੱਚ ਵੀ ਆਪਣੀ ਪਛਾਣ ਬਣਾਈ। ਉਹ ਪੰਜਾਬੀ ਫਿਲਮਾਂ ਦੇ ਨਾਲ-ਨਾਲ ਟਾਈਗਰ-3 ਵਿੱਚ ਸਲਮਾਨ ਖਾਨ ਨਾਲ ਵੀ ਨਜ਼ਰ ਆਏ ਸਨ। ਉਨ੍ਹਾਂ ਕਾਰਾਂ ਅਤੇ ਟੈਟੂ ਬਣਵਾਉਣ ਦੇ ਵੀ ਸ਼ੌਕੀਨ ਸਨ। ਦੱਸ ਦਈਏ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਜਲੰਧਰ ਵਿਖੇ ਕੀਤਾ ਜਾਏ।