Jalandhar News : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਦੋ ਭਰਾਵਾਂ ਦੀ ਪੁਲਿਸ ਥਾਣੇ ਵਿਚ ਕੁੱਟਮਾਰ ਕਰਨ ਤੇ ਦਸਤਾਰ ਲਾਹ ਕੇ ਅਪਮਾਨ ਕਰਨ ਤੋਂ ਬਾਅਦ ਉਹਨਾਂ ਵੱਲੋਂ ਬਿਆਸ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ SHO ਤੇ ਹੋਰ ਪੁਲਿਸ ਅਧਿਕਾਰੀਆਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਜਾਵੇ।


ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਸਬੰਧਤ ਪੁਲਿਸ ਥਾਣੇ ਦੇ ਸੀ ਸੀ ਟੀ ਵੀ ਕੈਮਰੇ 15 ਅਗਸਤ ਨੂੰ ਕੰਮ ਨਹੀਂ ਕਰ ਰਹੇ ਸਨ। ਉਹਨਾਂ ਕਿਹਾ ਕਿ ਇਹ ਵੀਡੀਓ ਫੁਟੇਜ ਡਲੀਟ ਕਰ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਸਪਸ਼ਟ ਸਾਜ਼ਿਸ਼ ਰਚੀ ਗਈ ਹੈ। 


ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਦੋ ਕੇਸਾਂ ਵਿਚ ਸਪਸ਼ਟ ਹੁਕਮ ਦਿੱਤੇ ਹਨ ਕਿ ਪੁਲਿਸ ਥਾਣੇ ਦਾ ਚੱਪਾ-ਚੱਪਾ ਸੀ ਸੀ ਟੀ ਵੀ ਕੈਮਰਿਆਂ ਦੀ ਨਿਗਰਾਨੀ ਵਿਚ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਜ਼ਾਦੀ ਦਿਹਾੜੇ ’ਤੇ ਦੇਸ਼ ਤੇ ਸੂਬੇ ਵਿਚ ਸੁਰੱਖਿਆ ਹੋਰ ਵਧਾਈ ਜਾਂਦੀ ਹੈ, ਉਸ ਦਿਨ ਸੀਸੀਟੀਵੀ ਕੈਮਰੇ ਕੰਮ ਨਾ ਕਰਦੇ ਹੋਣ ਇਹ ਸੰਭਵ ਹੀ ਨਹੀਂ ਹੋ ਸਕਦਾ।


ਮਜੀਠੀਆ ਨੇ ਕਿਹਾ ਕਿ ਬਜਾਏ ਮਹਿਲਾ ਵੱਲੋਂ ਆਪਣੇ ਸਹੁਰਿਆਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਕਾਰਵਾਈ ਕਰਨ ਦੇ ਐਸਐਚਓ ਨਵਦੀਪ ਸਿੰਘ, ਲੇਡੀ ਕਾਂਸਟੇਬਲ ਜੀਵਨਜੋਤ ਕੌਰ ਤੇ ਏ ਐਸ ਆਈ ਬਲਵਿੰਦਰ ਕੁਮਾਰ ਸਮੇਤ ਪੁਲਿਸ ਸਟਾਫ ਨੇ ਮਾਨਵਜੀਤ ਸਿੰਘ ਢਿੱਲੋਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸਦੀ ਦਸਤਾਹ ਲਾਹ ਸੁੱਟੀ ਗਈ ਤੇ ਉਸਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ।



ਉਹਨਾਂ ਕਿਹਾ ਕਿ ਜਸ਼ਨਜੀਤ ਸਿੰਘ ਢਿੱਲੋਂ ਆਪਣੇ ਭਰਾ ਮਾਨਵਜੀਤ ਸਿੰਘ ਢਿੱਲੋਂ ਨੂੰ ਇਸ ਤਰੀਕੇ ਜ਼ਲੀਲ ਹੁੰਦਾ ਵੇਖ ਬਰਦਾਸ਼ਤ ਨਾ ਕਰ ਸਕਿਆ ਤੇ ਬਿਆਸ ਦਰਿਆ ਵੱਲ ਚਲਾ ਗਿਆ। ਉਹਨਾਂ ਕਿਹਾ ਕਿ ਆਪਣੇ ਭਰਾ ਮਾਨਵਜੀਤ ਸਿੰਘ ਢਿੱਲੋਂ ਤੇ ਇਕ ਦੋਸਤ ਵੱਲੋਂ ਮਨਾਏ ਜਾਣ ਤੋਂ ਬਾਅਦ ਵੀ ਉਹ ਨਾ ਮੰਨਿਆ ਤੇ ਅਖੀਰ ਦੋਵਾਂ ਭਰਾਵਾਂ ਨੇ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਦੋਵਾਂ ਭਰਾਵਾਂ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਲਿਖਤੀ ਅਪੀਲ  ਕਰ ਕੇ ਇਨਸਾਫ ਮੰਗਿਆ ਪਰ ਦੋਵਾਂ ਨੇ ਮਾਮਲੇ ਵਿਚ ਚੁੱਪੀ ਧਾਰੀ ਹੋਈ ਹੈ।


ਮਜੀਠੀਆ ਨੇ ਕਿਹਾ ਕਿ ਪੁਲਿਸ ਤਾਂ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਲੱਭਣ ਵਿਚ ਵੀ ਨਾਕਾਮ ਰਹੀ ਹੈ ਤੇ ਪਰਿਵਾਰ ਆਪ ਗੋਤਾਖੋਰ ਲਾਸ਼ਾਂ ਲੱਭਣ ਵਾਸਤੇ ਲਗਾਏ ਹਨ ਪਰ ਹਾਲੇ ਤੱਕ ਲਾਸ਼ਾਂ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਪੁਲਿਸ ਹੁਣ ਇਹ ਸਾਬਤ ਕਰਨ ਦਾ ਯਤਨ ਕਰ ਰਹੀ ਹੈ ਕਿ ਲਾਸ਼ਾ ਲੱਭ ਨਹੀਂ ਰਹੀਆਂ ਕਿਉਂਕਿ ਜਦੋਂ ਤੱਕ ਲਾਸ਼ਾਂ ਨਹੀਂ ਲੱਭਦੀਆਂ, ਕਿਸੇ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ।


ਮਜੀਠੀਆ ਨੇ ਇਹ ਵੀ ਐਲਾਨ ਕੀਤਾ ਕਿ ਉਹ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਤੇ ਡੀ ਜੀ ਪੀ ਨਾਲ ਮੁਲਾਕਾਤ ਕਰ ਕੇ ਦੋਵਾਂ ਭਰਾਵਾਂ ਵਾਸਤੇ ਨਿਆਂ ਮੰਗਣਗੇ ਤੇ ਜੇਕਰ ਪੁਲਿਸ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਰਹੀ ਤਾਂ ਅਕਾਲੀ ਦਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਕਰੇਗਾ ਤੇ ਪੀੜਤ ਪਰਿਵਾਰ ਵਾਸਤੇ ਨਿਆਂ ਮੰਗੇਗਾ। ਉਹਨਾਂ ਕਿਹਾ ਕਿ ਵਕੀਲਾਂ ਦਾ ਖਰਚਾ ਅਸੀਂ ਆਪ ਚੁੱਕਾਂਗੇ ਪਰ ਪਰਿਵਾਰ ਨੂੰ ਨਿਆਂ ਦੁਆਵਾਂਗੇ।