Jalandhar: ਜਲੰਧਰ ਸ਼ਹਿਰ ਵਿੱਚ ਸਭ ਕੁਝ ਠੀਕ ਨਹੀਂ ਹੈ। ਜਿਸ ਤਰ੍ਹਾਂ ਅਪਰਾਧਿਕ ਮਾਮਲੇ ਵਧ ਰਹੇ ਹਨ, ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਕਿਧਰੇ ਨਜ਼ਰ ਨਹੀਂ ਆ ਰਹੀ। ਲੁੱਟ-ਖੋਹ ਅਤੇ ਗੋਲੀਬਾਰੀ ਤੋਂ ਬਾਅਦ ਹੁਣ ਕਤਲ ਵੀ ਆਮ ਹੋ ਗਏ ਹਨ। ਬੀਤੇ ਦਿਨੀਂ ਡੋਮੋਰੀਆ ਪੁਲ 'ਤੇ ਹੋਏ ਕਤਲ ਤੋਂ ਬਾਅਦ ਬਰਲਟਨ ਪਾਰਕ ਨੇੜੇ ਦੂਸਰਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਤਨਾਮ ਉਰਫ ਸੱਤਾ ਘੁੰਮਣ ਦੀ ਮੌਤ ਹੋ ਗਈ।


ਜਲੰਧਰ ਦੇ ਥਾਣਾ 1 ਅਧੀਨ ਆਉਂਦੇ ਖੇਤਰ ਬਲਟਨ ਪਾਰਕ ਦੇ ਪਿਛਲੇ ਪਾਸੇ ਤੜਕਸਾਰ ਤਕਰੀਬਨ 3 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦਾ ਕਤਲ ਕਰ ਦਿੱਤਾ ਗਿਆ। ਜੋ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਗੇਟ ਤੇ ਸਾਈਕਲ ਸਟੈਂਡ ਤੇ ਕਰਿੰਦੇ ਵਜੋਂ ਕੰਮ ਕਰਦਾ ਸੀ। 


ਦੱਸਿਆ ਜਾ ਰਿਹਾ ਹੈ ਕਿ ਬੈਂਕ ਕਲੋਨੀ, ਨਜ਼ਦੀਕ ਵੇਰਕਾ ਮਿਲਕ ਪਲਾਂਟ, ਜਲੰਧਰ ਦੇ ਰਹਿਣ ਵਾਲੇ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦੀ ਕੁਝ ਅਣਪਛਾਤੇ ਵਿਅਕਤੀਆਂ ਨਾਲ ਤੜਕਸਾਰ ਝੜਪ ਹੋਈ। ਜਿਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ। ਇਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। 


ਪੁਲਿਸ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਸਤਨਾਮ ਸਿੰਘ ਸੱਤੇ ਦਾ ਦੋ ਦਿਨਾ ਪਹਿਲਾਂ ਹੀ ਕੁਝ ਵਿਅਕਤੀਆਂ ਨਾਲ ਝਗੜਾ ਹੋਇਆ ਸੀ। ਪੁਲਿਸ ਉਸ ਝਗੜੇ ਚ ਸ਼ਾਮਲ ਵਿਅਕਤੀਆਂ ਕੋਲੋਂ ਵੀ ਪੁੱਛਗਿਛ ਕਰ ਰਹੀ ਹੈ।


ਕੁਝ ਦਿਨ ਪਹਿਲਾਂ ਵੀ ਪਾਰਕਿੰਗ ਵਿੱਚ ਚੌਕੀਦਾਰ ਨੂੰ ਲੈ ਕੇ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ। ਜਿਸ ਵਿੱਚ ਦੋਵੇਂ ਧੜਿਆਂ ਨੇ ਇੱਕ ਦੂਜੇ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਅੱਜ ਉਸੇ ਵਿਵਾਦ ਦੇ ਚੱਲਦਿਆਂ ਸੱਤਾ ਜੋ ਕਿ ਖੁਦ ਬਦਮਾਸ਼ ਸੀ, ਦਾ ਕਤਲ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਪੁਲਸ ਨੇ ਕੁਝ ਲੋਕਾਂ ਨੂੰ ਘੇਰ ਲਿਆ ਹੈ, ਜਿਨ੍ਹਾਂ ਦਾ ਅਧਿਕਾਰੀਆਂ ਨਾਲ ਝਗੜਾ ਹੋਇਆ ਸੀ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।