Jalandhar News: ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਅਤੇ ਵੱਡੇ ਜਨਾਧਾਰ ਨੂੰ ਦੇਖਦਿਆਂ ਜਲੰਧਰ ਤੋਂ ‘ਆਪ’ ਆਗੂ ਨੇ ਪਾਰਟੀ  ਛੱਡ ਕੇ ਆਪਣੇ ਸਮਰਥਕਾਂ ਸਮੇਤ ਭਾਜਪਾ ਦਾ ਪੱਲਾ ਫੜ ਲਿਆI 


ਭਾਜਪਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਜਲੰਧਰ ਵਿੱਚ ਉਲੀਕੇ ਗਏ ਪ੍ਰੋਗਰਾਮ ਦੌਰਾਨ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਗੁਜਰਾਤ ਵਿਜੇ ਰੁਪਾਨੀ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜਲੰਧਰ ਲੋਕ ਸਭਾ ਉਪ ਚੋਣ ਦੇ ਇੰਚਾਰਜ ਡਾ: ਮਹਿੰਦਰ ਸਿੰਘ ਨੇ 'ਆਪ' ਆਗੂ ਵਿਪਨ ਸੱਭਰਵਾਲ, ਚੇਤਨ ਹਾਂਡਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਭਾਜਪਾ ਪਰਿਵਾਰ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। 


ਜੀਵਨ ਗੁਪਤਾ ਨੇ ਇਸ ਮੌਕੇ ਵਿਪਨ ਸੱਭਰਵਾਲ, ਚੇਤਨ ਹਾਂਡਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਵਿਪਨ ਸੱਭਰਵਾਲ ਜ਼ਮੀਨ ਅਤੇ ਲੋਕਾਂ ਨਾਲ ਜੁੜੇ ਆਗੂ ਹਨ। ਵਿਪਨ ਸੱਭਰਵਾਲ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਦੇ ਚੇਅਰਮੈਨ ਹਨ ਅਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਹਰ ਕਿਸੇ ਦਾ ਸਾਥ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਵਿਪਨ ਸੱਭਰਵਾਲ ਆਮ ਆਦਮੀ ਪਾਰਟੀ 'ਚ ਰਹਿੰਦਿਆਂ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ ਅਤੇ 'ਆਪ' ਸਰਕਾਰ ਦੀਆਂ ਲੋਕ ਵਿਰੋਧੀ, ਦਲਿਤ ਵਿਰੋਧੀ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਹੁਣ ਭਾਜਪਾ ਪਰਿਵਾਰ 'ਚ ਸ਼ਾਮਲ ਹੋਏ ਹਨ। ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਇਹ ਸਾਰੇ ਵਰਕਰ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ। ਇਹ ਸਾਰੇ ਇਸ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਲਈ ਭਾਰੀ ਬਹੁਮਤ ਹਾਸਿਲ ਕਰਨਗੇ ਅਤੇ ਭਾਜਪਾ ਉਮੀਦਵਾਰ ਦੀ ਜਿੱਤ ਨੂੰ ਯਕਿਨੀ ਬਣਾਉਣਗੇ।


  ਵਿਪਨ ਸਭਰਵਾਲ, ਚੇਤਨ ਹਾਂਡਾ ਅਤੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹੋਰ ਮੈਂਬਰਾਂ ਨੇ ਇਸ ਮੌਕੇ ਭਾਜਪਾ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਪਾਰਟੀ ਵੱਲੋਂ ਉਨ੍ਹਾਂ ’ਤੇ ਜਤਾਏ ਭਰੋਸੇ ’ਤੇ ਖਰਾ ਉਤਰਨ ਦਾ ਭਰੋਸਾ ਵੀ ਦਿੱਤਾ।