ED Arrested VueNow founder Arif Nisar: ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਦਿੱਲੀ ਵਿੱਚ ਰੇਡ ਤੋਂ ਬਾਅਦ ਦਿੱਲੀ ਸਥਿਤ VueNow ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨਾਲ ਜੁੜੇ ਇੱਕ ਮੁੱਖ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਮੁਲਜ਼ਮ ਦੀ ਪਛਾਣ ਆਰਿਫ ਨਿਸਾਰ (ਫਾਊਂਡਰ) ਵਜੋਂ ਹੋਈ ਹੈ। ਇਹ ਖਬਰ ਸੁਣਦਿਆਂ ਹੀ ਨਿਵੇਸ਼ਕਾਂ ਵਿੱਚ ਹਾਹਾਕਾਰ ਹੈ।


ਇਹ ਰੇਡ ViewNow ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਤੇ ਸਬੰਧਤ ਸੰਸਥਾਵਾਂ ਤੇ ਵਿਅਕਤੀਆਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ PMLA, 2002 ਦੇ ਉਪਬੰਧਾਂ ਤਹਿਤ ਕੀਤੀ ਗਈ ਸੀ। ਇਸ ਤੋਂ ਬਾਅਦ ਜਾਂਚ ਵਿੱਚ ਪੂਰਾ ਸਹਿਯੋਗ ਨਾ ਮਿਲਣ ਕਾਰਨ, ਈਡੀ ਜਲੰਧਰ ਨੇ ਨਾਸਿਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਤੋਂ ਵੱਡੀ ਮਾਤਰਾ ਵਿੱਚ ਰਿਕਾਰਡ ਵੀ ਜ਼ਬਤ ਕਰ ਲਿਆ। ਇਸ ਦੇ ਆਧਾਰ 'ਤੇ ਮਾਮਲੇ ਵਿੱਚ ਹੋਰ ਜਾਂਚ ਚੱਲ ਰਹੀ ਹੈ ਤੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇੱਕ ਠੋਸ ਆਧਾਰ ਤਿਆਰ ਕੀਤਾ ਜਾ ਸਕਦਾ ਹੈ।




ਆਰਿਫ ਨਿਸਾਰ ਨੂੰ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਈਡੀ ਜਲੰਧਰ ਨੇ ਵਿਸ਼ੇਸ਼ ਅਦਾਲਤ (ਪੀਐਮਐਲਏ, ਜਲੰਧਰ) ਵਿੱਚ ਪੇਸ਼ ਕੀਤਾ। ਈਡੀ ਨੇ ਮੁਲਜ਼ਮ ਆਰਿਫ਼ ਦਾ 4 ਮਾਰਚ ਤੱਕ ਯਾਨੀ (8 ਦਿਨ) ਦਾ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ਵਿੱਚ ਹੋਰ ਸਹਿਯੋਗੀਆਂ ਤੇ ਰਿਕਾਰਡਾਂ ਦੇ ਆਧਾਰ 'ਤੇ ਵੀ ਪੁੱਛਗਿੱਛ ਕੀਤੀ ਜਾਵੇਗੀ।


 


ਦੱਸ ਦਈਏ ਕਿ ਨੋਇਡਾ ਦੀ ਗੌਤਮ ਬੁੱਧ ਨਗਰ ਪੁਲਿਸ ਵੱਲੋਂ ਬੀਐਨਐਸ 2023 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਈਡੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਹੋਰ ਕੰਪਨੀਆਂ ਨਾਲ ਮਿਲ ਕੇ ਕਈ ਨਿਵੇਸ਼ਕਾਂ ਨਾਲ ਧੋਖਾ ਕੀਤਾ ਸੀ। ਉਨ੍ਹਾਂ ਨੂੰ  ਕਲਾਉਡ ਪਾਰਟੀਕਲਾਂ ਨੂੰ ਵੇਚਣ ਤੇ ਵਾਪਸ ਲੀਜ਼ 'ਤੇ ਲੈਣ (SLB ਮਾਡਲ) ਦੀ ਆੜ ਵਿੱਚ ਉੱਚ ਰਿਟਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਜਾਂਚ ਮੁਤਾਬਕ ਅਸਲ ਵਿੱਚ ਉਨ੍ਹਾਂ ਕੋਲ ਇਸ ਲਈ ਕੋਈ ਬੁਨਿਆਦੀ ਢਾਂਚਾ ਹੀ ਨਹੀਂ ਸੀ। 



ਦੱਸ ਦਈਏ ਕਿ ਈਡੀ ਜਲੰਧਰ ਇਸ ਮਾਮਲੇ ਦੀ ਲੰਬੇ ਸਮੇਂ ਤੋਂ ਜਾਂਚ ਕਰ ਰਹੀ ਸੀ ਤੇ ਹੁਣ ਤੱਕ ਇਸ ਮਾਮਲੇ ਵਿੱਚ 180 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ। ਇਸ ਵਿੱਚ ਦੋ ਜੀ-ਵੈਗਨ, ਇੱਕ XUV ਲੈਕਸਸ, ਇੱਕ ਰੇਂਜ ਰੋਵਰ, ਰੂਬੀਕਨ, ਆਡੀ R-8, ਰੇਂਜ ਰੋਵਰ ਸਪੋਰਟਸ ਤੇ ਹੋਰ ਲਗਜ਼ਰੀ ਕਾਰਾਂ ਤੇ ਜਾਇਦਾਦ ਸ਼ਾਮਲ ਹਨ। ਇਸ ਮਾਮਲੇ ਵਿੱਚ ਬਿਗ ਬੁਆਏ ਟੌਇਜ਼ ਦੀ ਭੂਮਿਕਾ ਵੀ ਸ਼ੱਕੀ ਹੈ।


ਦਰਅਸਲ ਇਸ ਤੋਂ ਪਹਿਲਾਂ ਪੰਜਾਬ ਦੇ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਪੰਜਾਬ-ਹਰਿਆਣਾ ਤੇ ਮੁੰਬਈ ਵਿੱਚ 2 ਦਰਜਨ ਤੋਂ ਵੱਧ ਥਾਵਾਂ ਦੀ ਰੇਡ ਕੀਤੀ ਸੀ। ਇਸ ਵਿੱਚ ਗੁਰੂਗ੍ਰਾਮ, ਪੰਚਕੂਲਾ, ਜੀਂਦ, ਮੋਹਾਲੀ, ਮੁੰਬਈ ਤੇ ਹੋਰ ਜ਼ਿਲ੍ਹੇ ਸ਼ਾਮਲ ਸਨ। ਇਹ ਰੇਡ ViewNow ਮਾਰਕੀਟਿੰਗ ਸਰਵਿਸਿਜ਼, Big Boy Toys ਸਮੇਤ ਕਈ ਕੰਪਨੀਆਂ 'ਤੇ ਕੀਤੀ ਗਈ ਸੀ। ਕੰਪਨੀਆਂ ਵਿੱਚ ਵਿਊਨਾਓ ਇੰਫਰਾਟੈਕ ਲਿਮਟਿਡ, ਬਿਗ ਬੁਆਏ ਟੌਇਜ਼, ਮੰਦੇਸ਼ੀ ਫੂਡਜ਼ ਪ੍ਰਾਈਵੇਟ ਲਿਮਟਿਡ, ਪਲੈਂਕਡੌਟ ਪ੍ਰਾਈਵੇਟ ਲਿਮਟਿਡ, ਬਾਈਟ ਕੈਨਵਸ ਐਲਐਲਪੀ, ਸਕਾਈ ਵਰਸ, ਸਕਾਈ ਲਿੰਕ ਨੈੱਟਵਰਕ ਤੇ ਸਬੰਧਤ ਸੰਸਥਾਵਾਂ ਸ਼ਾਮਲ ਹਨ।