Lok Sabha Elections: ਜਲੰਧਰ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਇਸ ਵਿੱਚ ਭਾਜਪਾ ਨੇ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਬੀਜੇਪੀ ਵਿੱਚ ਸ਼ਾਮਲ ਕਰਕੇ ਆਪਣਾ ਉਮੀਦਵਾਰ ਬਣਾ ਲਿਆ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅਕਾਲੀ ਦਲ 'ਚੋਂ ਪਵਨ ਕੁਮਾਰ ਟੀਨੂੰ ਨੁੰ ਪੱਟ ਕੇ ਜਲੰਧਰ ਤੋਂ ਆਪਣਾ ਕੈਂਡੀਡੇਟ ਐਲਾਨ ਦਿੱਤਾ ਹੈ।


ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ। ਚੰਨੀ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਜਲੰਧਰ ਲਿਆਂਦ ਹੈ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਨੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। 


ਆਮ ਆਦਮੀ ਪਾਰਟੀ ਨੇ ਅੱਜ ਪਵਨ ਕੁਮਾਰ ਟੀਨੂੰ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ ਹੈ। ਜਿਸ ਤੋਂ ਬਾਅਦ ਜਲੰਧਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ  ਪਵਨ ਕੁਮਾਰ ਟੀਨੂ ਜੀ ਨੇ ਨਿਰਮਲ ਕੁਟੀਆ ਸੀਚੇਵਾਲ ਪਹੁੰਚ ਕੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਤੋ ਲਿਆ ਅਸ਼ੀਰਵਾਦ, ਅਤੇ ਆਪਣੇ ਚੋਣ ਪ੍ਰਚਾਰ ਮੁਹਿੰਮ ਦਾ ਅਗਾਜ਼ ਕਰ ਦਿੱਤਾ ਹੈ। ਪਵਨ ਕੁਮਾਰ ਟੀਨੂੰ ਅਕਾਲੀ ਦਲ ਛੱਡ ਕੇ ਆਪ 'ਚ ਸ਼ਾਮਲ ਹੋਏ ਹਨ। ਅਕਾਲੀ ਦਲ ਦੀ ਟਿਕਟ ਤੋਂ ਉਹ ਆਦਮਪੁਰ ਹਲਕੇ ਦੇ ਵਿਧਾਇਕ ਵੀ ਰਹਿ ਚੁੱਕੇ ਹਨ। ਟੀਨੂੰ ਦੁਆਬੇ ਦੀ ਦਲਿਤ ਲੀਡਰਾਂ 'ਚੋਂ ਇੱਕ ਵੱਡਾ ਚਿਹਰਾ ਹੈ।




ਓਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਹਲਕੇ ਤੋਂ ਹਾਈ ਕਮਾਨ ਵਲੋਂ ਉਮੀਦਵਾਰ ਐਲਾਨੇ ਜਾਣ ’ਤੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਅੱਜ ਸਵੇਰੇ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ ਵਿਖੇ ਆਪਣੇ ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਨਤਮਸਕਤ ਹੋਏ ਤੇ ਕੁੱਝ ਸਮਾਂ ਬੈਠ ਕੇ ਕੀਰਤਨ ਵੀ ਸਰਵਣ ਕੀਤਾ। 


ਇਸ ਤੋਂ ਬਾਅਦ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਸ਼ਹੀਦਾਂ ਦੀ ਪਵਿੱਤਰ ਧਰਤੀ ਤੋਂ ਅਸ਼ੀਰਵਾਦ ਲੈ ਕੇ ਜਲੰਧਰ ਲੋਕ ਸਭਾ ਚੋਣ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਕੀਤੇ ਵਿਕਾਸ ਵਾਂਗ ਜਲੰਧਰ ਹਲਕੇ ਦਾ ਵਿਕਾਸ ਵੀ ਕਰਵਾਉਣਗੇ।