Mohali News: ਇੱਥੇ ਦੇ ਸੈਕਟਰ 115 ਸਥਿਤ ਜੇਟੀਪੀਐਲ ਸਿਟੀ ਵਾਸੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਕੈਬਨਿਟ ਮੰਤਰੀ ਤੇ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਨੂੰ ਮਿਲੇ। ਇਸ ਮੌਕੇ ਮੰਗ ਪੱਤਰ ਦਿੰਦਿਆਂ ਹਰਜੀਤ ਸਿੰਘ ਸੋਢੀ ਨੇ ਕਿਹਾ ਕਿ ਖਰੜ ਦੀਆਂ ਸਭ ਤੋਂ ਵੱਡੀ ਸੁਸਾਇਟੀਆਂ ਵਿੱਚੋਂ ਇੱਕ ਜੇਟੀਪੀਐਲ ਸੁਸਾਇਟੀ ਵਾਸੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਸੀਵਰੇਜ, ਬਰਸਾਤੀ ਪਾਣੀ ਡ੍ਰੇਨ ਸਿਸਟਮ ਤੇ ਕੋਈ ਐਸਟੀਪੀ ਪਲਾਂਟ ਨਾ ਹੋਣ ਕਾਰਨ ਲੋਕਾਂ ਦਾ ਜਿਉਣਾ ਬੇਹਾਲ ਹੋ ਰਿਹਾ ਹੈ। 


ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਸਾਰੀ ਸੁਸਾਇਟੀ ਪਾਣੀ ਵਿੱਚ ਡੁੱਬ ਜਾਂਦੀ ਹੈ। ਪਹਿਲੇ ਪਏ ਮੀਂਹ ਦਾ ਪਾਣੀ ਹਾਲੇ ਤੱਕ ਨਹੀਂ ਨਿਕਲਿਆ। ਸੀਵਰੇਜ ਸਿਸਟਮ ਨਾ ਹੋਣ ਕਾਰਨ ਖੜ੍ਹਾ ਪਾਣੀ ਹਮੇਸ਼ਾ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਨਵੇਂ ਜੀਟੇਪੀਐਲ ਨੂੰ ਨੋਟਿਸ ਕੱਢ ਕੇ ਬਿਲਡਰਾਂ ਦੇ ਕੰਮ ਉੱਤੇ ਰੋਕ ਤੇ ਰਜਿਸਟਰੀਆਂ ਉੱਤੇ ਪਾਬੰਦੀ ਲਾਈ ਸੀ ਪਰ ਕਿਸੇ ਨੂੰ ਪ੍ਰਵਾਹ ਨਹੀਂ, ਉਸਾਰੀ ਦਾ ਕੰਮ ਬੜੇ ਧੜੱਲੇ ਨਾਲ ਚੱਲ ਰਿਹਾ ਹੈ। 


ਇਸ ਮੌਕੇ ਯੋਗੇਸ਼ ਸਿੰਘ ਤੇ ਰਾਕੇਸ਼ ਸ਼ਰਮਾ ਨੇ ਕਿਹਾ ਕਿ ਕਾਲੋਨੀ ਵਿੱਚ ਬਿਜਲੀ ਦਿਨ ਰਾਤ ਦਿੱਕਤ ਰਹਿੰਦੀ ਹੈ। ਬਿਲਡਰ ਫਲੈਟ ਤੇ ਫਲੈਟ ਖੜ੍ਹੇ ਕਰ ਰਹੇ ਹਨ ਪਰ ਵਧੇ ਬਿਜਲੀ ਦਾ ਲੋਡ ਦਾ ਕੋਈ ਹੱਲ ਨਹੀਂ ਕਰ ਰਹੇ। ਇਸ ਕਾਰਨ ਇੱਥੇ ਟਰਾਂਸਫ਼ਾਰਮਰ ਦੇ ਪਟਾਕੇ ਪੈਣਾ ਆਮ ਗੱਲ ਹੈ। ਇਸ ਕਾਰਨ ਕਈ ਲੋਕਾਂ ਦਾ ਬਿਜਲੀ ਦਾ ਸਮਾਨ ਵੀ ਸੜ ਚੁੱਕਾ ਹੈ। ਵਾਰ-ਵਾਰ ਕੱਟ ਲੱਗਣ ਕਾਰਨ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ। 


ਦੀਪਕ ਸ਼ਰਮਾ ਨੇ ਕਿਹਾ ਕਿ ਹਾਲਤ ਇਹ ਹੈ ਕਿ ਬਿਜਲੀ ਦੀ ਵਾਇਰਲ ਅੰਡਰਗਰਾਊਂਡ ਵੀ ਸਹੀ ਤਰੀਕੇ ਨਾਲ ਨਹੀਂ ਹੈ। ਇਸ ਕਾਰਨ ਕਈ ਵਾਰ ਪਾਣੀ ਵਿੱਚ ਕਰੰਟ ਲੱਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਬੀਤੀ ਸ਼ਾਮ ਖੜ੍ਹੇ ਪਾਣੀ ਵਿੱਚ ਕਰੰਟ ਆਉਣ ਕਾਰਨ ਦੋ ਪਸੂਆ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਿਸੇ ਮਨੁੱਖ ਨਾਲ ਵੀ ਵਾਪਰ ਸਕਦਾ ਸੀ। ਉਨ੍ਹਾਂ ਨੇ ਕਿਹਾ ਬਿਲਡਰ ਨਿਯਮਾਂ ਨੂੰ ਸਿੱਕੇ ਢੰਗ ਕੇ ਧੜੱਲੇ ਨਾਲ ਫਲੈਟ ਬਣਾ ਰਹੇ ਹਨ। 


ਅਰਵਿੰਦਰ ਵਾਲੀਆ ਨੇ ਕਿਹਾ ਕਿ ਸਾਨੂੰ ਵੱਡੇ ਵੱਡੇ ਸੁਫ਼ਨੇ ਦਿਖਾ ਕੇ ਫਲੈਟ ਅਤੇ ਪਲਾਟ ਵੇਚੇ ਗਏ ਪਰ ਅਸਲ ਵਿੱਚ ਇੱਥੇ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਅਸੀਂ ਉਮਰਾਂ ਦੀਆਂ ਕਮਾਈਆਂ ਲਾ ਕੇ ਇੱਕ ਰਹਿਣ ਬਸੇਰਾ ਖਰੀ ਖਰੀਦੀਆਂ ਪਰ ਹੁਣ ਠੱਗੀਆਂ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਵਿਨੋਦ ਤਲਵਾਰ ਨੇ ਕਿਹਾ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਆਪਣੀ ਸਸਮੱਸਿਆਵਾਂ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਕਿਸੇ ਪਾਸੇ ਸੁਣਵਾਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਟੀਪੀਐੱਲ ਪ੍ਰੋਜੈਕਟ ਦਾ ਨਵੇਂ ਸਿਰੇ ਤੋਂ ਆਡਿਟ ਹੋਣ ਚਾਹੀਦਾ ਹੈ, ਜਿਸ ਵਿੱਚ ਬਿਲਡਰਾਂ ਦੀਆਂ ਧਾਂਦਲੀਆਂ ਸਾਹਮਣੇ ਆਉਣਗੀਆਂ। 


ਨਿਵਾਸੀਆਂ ਦੀ ਸਾਰੀ ਗੱਲ ਸੁਣ ਤੋਂ ਬਾਅਦ ਐਮਐਲਏ ਦੇ ਪਿਤਾ ਜੋਧਾ ਸਿੰਘ ਮਾਨ ਨੇ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਖ਼ੁਦ ਸਾਰੇ ਸਰਕਾਰੀ ਅਮਲੇ ਨਾਲ ਜੇਟੀਪੀਐਲ ਦਾ ਦੌਰਾ ਕਰਕੇ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਖਰੜ ਦਾ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨੂੰ ਫ਼ੋਨ ਕਰਕੇ ਸਮੱਸਿਆਵਾਂ ਸਬੰਧੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। 


 




ਇਸ ਦੇ ਨਾਲ ਹੀ ਜੇਟੀਪੀਐਲ ਸੁਸਾਇਟੀ ਵਾਸੀਆਂ ਦਾ ਵਫ਼ਦ ਖਰੜ ਦੇ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨੂੰ ਵੀ ਮਿਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪ੍ਰੋਜੈਕਟ ਦੀ ਡਿਟੇਲਜ਼ ਰਿਪੋਰਟ ਤਿਆਰ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਵਿਨੋਦ ਤਲਵਾਰ ਅਤੇ ਅਰਵਿੰਦਰ ਵਾਲੀਆ ਨੇ ਕਿਹਾ ਕਿ ਜੇਕਰ ਹਾਲੇ ਵੀ ਕਿਸੇ ਪਾਸੇ ਸੁਣਵਾਈ ਨਾ ਹੋਈ ਤਾਂ ਸਾਨੂੰ ਮਜਬੂਰ ਸੰਘਰਸ਼ ਦੇ ਰਾਹ ਜਾਣਾ ਪਵੇਗਾ ਜਿਸ ਦੀ ਜਵਾਬਦੇਹੀ ਪ੍ਰਸ਼ਾਸਨ ਦੀ ਹੋਵੇਗੀ।