Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਦੋ-ਪਹੀਆ ਵਾਹਨਾਂ ਦੀ ਪਾਰਕਿੰਗ ਲਈ ਪੈਸੇ ਨਹੀਂ ਖਰਚਣੇ ਪੈਣਗੇ। ਇਸ ਤੋਂ ਇਲਾਵਾ ਕਾਰਾਂ ਤੋਂ ਵੀ 10 ਮਿੰਟ ਤੱਕ ਪਾਰਕਿੰਗ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਇਸ ਲਈ ਵੱਡੀ ਗਿਣਤੀ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਜ਼ਿਆਦਾਤਰ ਲੋਕ ਦੋ-ਪਹੀਆ ਵਾਹਨ ਹੀ ਵਰਤਦੇ ਹਨ। ਇਸ ਤੋਂ ਇਲਾਵਾ ਕਾਰ ਵਾਲੇ ਬਹੁਤੇ ਲੋਕ ਵੀ ਕੋਈ ਸਾਮਾਨ ਵਗੈਰਾ ਖਰੀਦਣ ਲਈ 5-10 ਮਿੰਟ ਹੀ ਕਾਰ ਪਾਰਕ ਕਰਦੇ ਹਨ।


 


ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸਾਰੀਆਂ 91 ਪੇਡ ਪਾਰਕਿੰਗਾਂ ਨੂੰ ਛੇਤੀ ਹੀ ਠੇਕੇ ’ਤੇ ਦਿੱਤਾ ਜਾਵੇਗਾ। ਪੇਡ ਪਾਰਕਿੰਗ ਦੀ ਨਵੀਂ ਪਾਲਿਸੀ ਤਹਿਤ ਤਿਆਰ ਕੀਤੀ ਗਈ ਤਜਵੀਜ਼ ਨੂੰ ਬੀਤੇ ਦਿਨ ਨਿਗਮ ਹਾਊਸ ਦੀ ਮੀਟਿਗ ਵਿੱਚ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਸਬੰਧੀ ਟੈਂਡਰ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਹੈ। 


ਨਿਗਮ ਵੱਲੋਂ ਤਿਆਰ ਪੇਡ ਪਾਰਕਿੰਗ ਦੀ ਤਜਵੀਜ਼ ਅਨੁਸਾਰ ਪੂਰੇ ਸ਼ਹਿਰ ਦੀਆਂ ਪੇਡ ਪਾਰਕਿੰਗਾਂ ’ਚ ਦੋ-ਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਹੋਵੇਗੀ। ਕਾਰਾਂ ਤੋਂ ਵੀ ਦਸ ਮਿੰਟ ਤੱਕ ਪਾਰਕਿੰਗ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਇਸ ਤੋਂ ਬਾਅਦ ਕਾਰ ਚਾਲਕਾਂ ਨੂੰ ਚਾਰ ਘੰਟੇ ਤੱਕ ਪਾਰਕਿੰਗ ਲਈ 15 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਫੀਸ 20 ਰੁਪਏ ਸੀ। ਇਸੇ ਤਰ੍ਹਾਂ 8 ਘੰਟੇ ਦੀ ਪਾਰਕਿੰਗ ਫੀਸ 25 ਰੁਪਏ ਤੋਂ ਘਟਾ ਕੇ 20 ਰੁਪਏ ਕਰ ਦਿੱਤੀ ਗਈ ਹੈ। 


ਮਹੀਨੇਵਾਰ ਪਾਰਕਿੰਗ ਪਾਸ ਦੀ ਫੀਸ ਵੀ 500 ਰੁਪਏ ਤੋਂ ਘਟਾ ਕੇ 300 ਰੁਪਏ ਅਤੇ ਵਪਾਰਕ ਵਾਹਨਾਂ ਲਈ 1000 ਰੁਪਏ ਤੋਂ ਘਟਾ ਕੇ 800 ਰੁਪਏ ਕਰ ਦਿੱਤੀ ਗਈ ਹੈ। ਐਲਾਂਟੇ ਮਾਲ ਅਤੇ ਫਨ ਰਿਪਬਲਿਕ ਦੋਵਾਂ ਵਿੱਚ ਪਾਰਕਿੰਗ ਪਹਿਲੇ ਚਾਰ ਘੰਟਿਆਂ ਲਈ 70 ਰੁਪਏ ਤੇ ਅੱਠ ਘੰਟੇ ਲਈ 130 ਰੁਪਏ ਰੱਖੀ ਗਈ ਹੈ। ਇਸ ਤਜਵੀਜ਼ ਨੂੰ ਸਦਨ ਵੱਲੋਂ ਪਾਸ ਕਰਨ ਮਗਰੋਂ ਨਗਰ ਨਿਗਮ ਵੱਲੋਂ ਟੈਂਡਰ ਲਈ ਆਰਐੱਫਪੀ ਕੀਤੀ ਜਾਵੇਗੀ।


ਉਧਰ ਚੰਡੀਗੜ੍ਹ ਨਗਰ ਨਿਗਮ ਨੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ) ਤੋਂ ਬਾਹਰਲੇ ਵਾਹਨਾਂ ’ਤੇ ਦੋਹਰੀ ਪਾਰਕਿੰਗ ਫੀਸ ਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਪਾਰਕਿੰਗ ਵਿੱਚ ਸਮਾਰਟ ਪਾਰਕਿੰਗ ਪ੍ਰਬੰਧ ਹੋਵੇਗਾ। ਇਸ ਦੌਰਾਨ ਆਨਲਾਈਨ ਭੁਗਤਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।