Ludhian News: ਲੁਧਿਆਣਾ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਢਹਿ ਜਾਣ ਤੋਂ ਬਾਅਦ ਉੱਥੇ ਲਗਾਤਾਰ ਬਚਾਅ ਕਾਰਜ ਜਾਰੀ ਹੈ, ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 11 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ 8 ਲੋਕਾਂ ਨੂੰ ਬਚਾਇਆ ਗਿਆ। ਬਚਾਅ ਕਾਰਜ ਸਾਰੀ ਰਾਤ ਜਾਰੀ ਰਹੇ। ਹੁਣ ਸਿਰਫ਼ ਇੱਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਲੁਧਿਆਣਾ ਵਿਖੇ ਇੱਕ ਫੈਕਟਰੀ ਦੀ ਇਮਾਰਤ ਡਿੱਗਣ ਦੀ ਖਬਰ ਮਿਲੀ ਹੈ। ਮੈਂ ਪ੍ਰਸਾਸ਼ਨ ਨੂੰ ਤੁਰੰਤ ਹਾਲਾਤ ਦਾ ਜਾਇਜ਼ਾ ਲੈਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਬਚਾਅ ਟੀਮਾਂ ਪਹੁੰਚ ਗਈਆਂ ਹਨ ਅਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਮਲ਼ਵੇ ਹੇਠ ਦੱਬੇ ਕਰਮਚਾਰੀਆਂ ਦੇ ਜਲਦ ਸੁਰੱਖਿਅਤ ਬਾਹਰ ਆਉਣ ਅਤੇ ਤੰਦਰੁਸਤ ਹੋਣ ਦੀ ਕਾਮਨਾਂ ਕਰਦਾ ਹਾਂ।






ਜ਼ਿਕਰ ਕਰ ਦਈਏ ਕਿ ਦੇਰ ਰਾਤ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੌਕੇ ਦਾ ਦੌਰਾ ਕੀਤਾ। ਵੜਿੰਗ ਨੇ ਕਿਹਾ ਕਿ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜ ਚਲਾ ਰਹੀਆਂ ਹਨ। ਉਹ ਜ਼ਖਮੀਆਂ ਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਨ।



ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਬਚਾਅ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਫ਼ਤ ਦੀ ਇਸ ਘੜੀ ਵਿੱਚ ਬਿਹਤਰ ਢੰਗ ਨਾਲ ਕੰਮ ਕਰ ਸਕਣ। ਉਮੀਦ ਹੈ ਕਿ ਪ੍ਰਸ਼ਾਸਨ ਜਲਦੀ ਹੀ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾ ਲਵੇਗਾ।


ਜ਼ਿਕਰ ਕਰ ਦਈਏ ਕਿ ਇਹ ਹਾਦਸਾ ਕੱਲ੍ਹ ਸ਼ਾਮ 6 ਵਜੇ ਫੋਕਲ ਪੁਆਇੰਟ ਦੇ ਫੇਜ਼-8 ਵਿੱਚ ਸਥਿਤ ਕੋਹਲੀ ਡਾਇੰਗ ਇੰਡਸਟਰੀ ਵਿੱਚ ਵਾਪਰਿਆ। ਲਗਭਗ 25 ਸਾਲ ਪੁਰਾਣੀ ਇਮਾਰਤ ਵਿੱਚ ਪਿੱਲਰ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਮਾਰਤ ਅਚਾਨਕ ਢਹਿ ਗਈ। ਜਦੋਂ ਹਾਦਸਾ ਹੋਇਆ ਤਾਂ ਇੰਡਸਟਰੀ ਵਿੱਚ ਲਗਭਗ 29 ਲੋਕ ਕੰਮ ਕਰ ਰਹੇ ਸਨ ਜਿਸ ਵਿੱਚ ਲਗਭਗ 10 ਲੋਕ ਮਲਬੇ ਹੇਠਾਂ ਦੱਬ ਗਏ।


ਹੁਣ ਤੱਕ 8 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ ਜਦੋਂ ਕਿ ਜਤਿੰਦਰ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਬੰਟੀ ਨਾਮ ਦਾ ਇੱਕ ਵਿਅਕਤੀ ਮਲਬੇ ਹੇਠ ਦੱਬਿਆ ਹੋਇਆ ਹੈ ਤੇ ਉਸਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀਆਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।