Ludhiana News: ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਛੱਠ ਪੂਜਾ ਦਾ ਤਿਉਹਾਰ ਮਨਾ ਕੇ ਵਾਪਸ ਆਉਣ ਵਾਲੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਦੇ ਲਈ ਰੇਲ ਵਿਭਾਗ ਨੇ ਇੱਕ ਚੰਗਾ ਉਪਰਾਲਾ ਕੀਤਾ ਹੈ। ਦੱਸ ਦਈਏ ਕਿ ਰੇਲ ਵਿਭਾਗ ਨੇ ਕੁਝ ਦਿਨਾਂ ਲਈ 13 ਰੇਲਗੱਡੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਸਟਾਪੇਜ ਦੇਣ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ ’ਤੇ ਰੋਕਣ ਦਾ ਫੈਸਲਾ ਲਿਆ ਹੈ।


ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ 10 ਨਵੰਬਰ ਤੋਂ 20 ਨਵੰਬਰ ਤੱਕ ਉਤਰ ਪ੍ਰਦੇਸ਼, ਬਿਹਾਰ ਤੋਂ ਪੰਜਾਬ ਆਉਣ ਵਾਲੀਆਂ ਗੱਡੀਆਂ ਬਰੌਨੀ-ਜੰਮੂਤਵੀ ਸਪੈਸ਼ਲ, ਧਨਬਾਦ-ਅੰਮ੍ਰਿਤਸਰ ਸਪੈਸ਼ਲ, ਅੰਮ੍ਰਿਤਸਰ-ਕਟਿਹਾਰ ਸਪੈਸ਼ਲ, ਅੰਮ੍ਰਿਤਸਰ-ਡਾ. ਅੰਬੇਦਕਰ ਨਗਰ ਸਪੈਸ਼ਲ, ਸਿਆਲਦਾਹ ਐਕਸਪ੍ਰੈੱਸ, ਹਿਮਗਿਰੀ ਐਕਸਪ੍ਰੈੱਸ, ਕਾਮਾਖਿਆ ਐਕਸਪ੍ਰੈਸ, ਲੋਹਿਤ ਐਕਸਪ੍ਰੈੱਸ, ਅਮਰਨਾਥ ਐਕਸਪ੍ਰੈੱਸ, ਅਕਾਲ ਤਖਤ ਐਕਸਪ੍ਰੈੱਸ, ਦੁਰਗਿਆਣਾ ਐਕਸਪ੍ਰੈੱਸ, ਜਨਸਾਧਾਰਨ ਐਕਸਪ੍ਰੈੱਸ ਨੂੰ ਲੁਧਿਆਣਾ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ ’ਤੇ ਸਟਾਪੇਜ ਦਿੱਤਾ ਜਾਵੇਗਾ। ਇਹ ਕਦਮ ਰੇਲ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚੁੱਕਿਆ ਹੈ।