Ludhiana News : ਖੰਨਾ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੰਗ ਲਿਆ। ਇਸ ਨੌਜਵਾਨ ਬਿਊਟੀਸ਼ੀਅਨ ਦੇ ਸਰੀਰ ਵਿੱਚ ਜ਼ਹਿਰ ਫੈਲ ਰਿਹਾ ਸੀ ਪਰ ਉਸ ਨੂੰ ਹਸਪਤਾਲ ਲਿਜਾਣ ਵਿੱਚ ਇੰਨੀ ਦੇਰੀ ਹੋਈ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਹਰਮਿੰਦਰ ਕੌਰ ਵਾਸੀ ਪਿੰਡ ਬਾਬਰਪੁਰ (ਮਲੌਦ) ਵਜੋਂ ਹੋਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਕੌਰ ਘਰ ਵਿੱਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਜਦੋਂ ਮੀਂਹ ਪੈਣ ਲੱਗਾ ਤਾਂ ਉਹ ਘਰ ਦਾ ਸਾਮਾਨ ਢੱਕਣ ਲੱਗੀ। ਸਾਮਾਨ ਦੇ ਵਿਚਕਾਰ ਇੱਕ ਸੱਪ ਬੈਠਾ ਸੀ, ਜਿਸ ਨੇ ਹਰਮਿੰਦਰ ਦੇ ਪੈਰ ਉਪਰ ਡੰਗ ਮਾਰਿਆ। ਹਰਮਿੰਦਰ ਨੇ ਸੱਪ ਨੂੰ ਜਾਂਦੇ ਦੇਖਿਆ ਤਾਂ ਰੌਲਾ ਪਾ ਦਿੱਤਾ ਜਿਸ ਮਗਰੋਂ ਲੋਕ ਇਕੱਠੇ ਹੋਏ।
ਇਲਾਜ 'ਚ ਹੋਈ ਦੇਰੀ ਬਣੀ ਮੌਤ ਦਾ ਕਾਰਨ
ਹਰਮਿੰਦਰ ਕੌਰ ਨੂੰ ਜਦੋਂ ਸੱਪ ਨੇ ਡੰਗਿਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਕਈਆਂ ਨੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ, ਜਦਕਿ ਕੁਝ ਲੋਕ ਸਪੇਰੇ ਕੋਲ ਜਾ ਕੇ ਮਣਕਾ ਲਗਾਉਣ ਲਈ ਦਬਾਅ ਪਾਉਣ ਲੱਗੇ। ਪਰਿਵਾਰ ਦੁਚਿੱਤੀ ਵਿੱਚ ਸੀ। ਪਹਿਲਾ ਕੰਮ ਧੀ ਦੀ ਜਾਨ ਬਚਾਉਣਾ ਸੀ।
ਇਸ ਦੌਰਾਨ ਪਰਿਵਾਰਕ ਮੈਂਬਰ ਸਭ ਤੋਂ ਪਹਿਲਾਂ ਹਰਮਿੰਦਰ ਕੌਰ ਨੂੰ ਨੇੜੇ ਸਥਿਤ ਸਪੇਰੇ ਕੋਲ ਲੈ ਗਏ। ਉਥੇ ਮਣਕਾ ਲਗਾਉਣ ਤੋਂ ਬਾਅਦ ਵੀ ਹਰਮਿੰਦਰ ਕੌਰ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ। ਫਿਰ ਉਸ ਨੂੰ ਕਲੀਨਿਕ ਲਿਆਂਦਾ ਗਿਆ। ਉਥੇ ਡਾਕਟਰ ਨੇ ਜਵਾਬ ਦਿੰਦੇ ਹੋਏ ਸਰਕਾਰੀ ਹਸਪਤਾਲ ਲਿਜਾਣ ਲਈ ਕਿਹਾ। ਅਖੀਰ ਜਦੋਂ ਹਰਮਿੰਦਰ ਕੌਰ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਖੰਨਾ ਸਿਵਲ ਹਸਪਤਾਲ ਦੇ ਐਮਡੀ (ਮੈਡੀਸਨ) ਡਾ: ਸ਼ਾਇਨੀ ਅਗਰਵਾਲ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਇਲਾਜ ਵਿੱਚ ਦੇਰੀ ਮੌਤ ਦਾ ਕਾਰਨ ਬਣਦੀ ਹੈ। ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਪੀੜਤ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਓ। ਸਰਕਾਰੀ ਹਸਪਤਾਲਾਂ ਵਿੱਚ ਪੂਰੀਆਂ ਸਹੂਲਤਾਂ ਹਨ। ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਜਿਸ ਨਾਲ ਸੱਪ ਦੇ ਜ਼ਹਿਰ ਦਾ ਅਸਰ ਘੱਟ ਹੋ ਜਾਂਦਾ ਹੈ।