Punjab News : ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ 'ਚ ਪੈ ਰਹੀਆਂ ਹਨ। ਸਮਰਾਲਾ ਵਿਖੇ 4 ਸਾਲ ਦੇ ਇੱਕ ਮਾਸੂਮ ਬੱਚੇ ਦਾ ਮੂੰਹ ਚਾਈਨਾ ਡੋਰ ਨੇ ਇੰਨੀ ਬੁਰੀ ਤਰ੍ਹਾਂ ਕੱਟ ਦਿੱਤਾ ਕਿ ਉਸਦੇ 70 ਤੋਂ ਵੱਧ ਟਾਂਕੇ ਲੱਗੇ ਹਨ। ਬੱਚਾ ਹਸਪਤਾਲ 'ਚ ਜੇਰੇ ਇਲਾਜ ਹੈ। ਦੱਸ ਦਈਏ ਕਿ ਖੰਨਾ ਜਿਲ੍ਹੇ 'ਚ ਚਾਈਨਾ ਡੋਰ ਦੀ ਵਿਕਰੀ ਨੂੰ ਲੈਕੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਸਵਾਲ ਚੁੱਕੇ ਸੀ ਅਤੇ ਦੋਸ਼ ਲਾਇਆ ਸੀ ਕਿ ਪੁਲਿਸ ਅਫਸਰਾਂ ਦੀ ਮਿਲੀਭਗਤ ਨਾਲ ਇਹ ਧੰਦਾ ਚਲਦਾ ਹੈ।



ਬੱਚੇ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਹੋਣ ਕਾਰਨ ਉਹ ਕਾਰ ਵਿੱਚ ਸਵਾਰ ਹੋਕੇ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮਰਾਲਾ ਵਿਖੇ ਆਪਣੇ ਘਰ ਪਰਤ ਰਿਹਾ ਸੀ। ਉਸਦੇ ਨਾਲ ਪਤਨੀ ਅਤੇ ਬੱਚਾ ਹਰਜੋਤ ਸਿੰਘ ਵੀ ਸਨ। ਪਿੰਡ ਚਹਿਲਾ ਨੇੜੇ ਅਚਾਨਕ ਜਿਵੇ ਹੀ ਚਲਦੀ ਕਾਰ ਦਾ ਸ਼ੀਸ਼ਾ ਖੋਲ ਕੇ ਆਸਮਾਨ ਵਿੱਚ ਉੱਡਦੀਆਂ ਪੰਤਗਾਂ ਵੇਖਣ ਲਈ ਬੱਚੇ ਨੇ ਆਪਣਾ ਸਿਰ ਥੋੜਾ ਬਾਹਰ ਕੱਢਿਆ ਤਾਂ ਉਸ ਦਾ ਚਿਹਰਾ ਬਾਹਰ ਹਵਾ ’ਚ ਲਹਿਰਾ ਰਹੀ ਚਾਈਨਾ ਡੋਰ ਵਿੱਚ ਫਸ ਗਿਆ। 


 


 

ਇਸ ਘਟਨਾ ’ਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਲੁਧਿਆਣਾ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆ ਡੀ.ਐੱਮ.ਸੀ. ਦਾਖਲ ਕਰਾਉਨਾ ਪਿਆ। ਡਾਕਟਰਾਂ ਨੇ ਪਹਿਲਾ ਤਾਂ 70 ਤੋਂ ਵੀ ਵੱਧ ਟਾਂਕੇ ਉਸ ਦੇ ਬੱਚੇ ਦੇ ਚੇਹਰੇ ’ਤੇ ਲਗਾਏ। ਪ੍ਰੰਤੂ ਬੱਚੇ ਦੀ ਹਾਲਤ ਨੂੰ ਵੇਖਦਿਆ ਰਾਤ ਨੂੰ ਹੀ ਡਾਕਟਰਾਂ ਨੂੰ ਉਸ ਦੇ ਬੱਚੇ ਦੀ ਸਰਜਰੀ ਕੀਤੀ।

 



ਹਰਜੋਤ ਸਿੰਘ ਦੇ ਪਿਤਾ ਵਿਕਰਮਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਚਾਈਨਾ ਡੋਰ ਦੀ ਧੜੱਲੇ ਨਾਲ ਹੋ ਰਹੀ ਵਿਕਰੀ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ। ਸਮਰਾਲਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਐਡਵੋਕੇਟ ਗਗਨਦੀਪ ਸ਼ਰਮਾ ਨੇ ਵੀ ਸਮਰਾਲਾ ਵਿੱਚ ਵਿਕ ਰਹੀ ਚਾਇਨਾ ਡੋਰ ਤੇ ਸਵਾਲ ਖੜੇ ਕੀਤੇ।

ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਪੂਰੀ ਸਖ਼ਤੀ ਵਰਤੀ ਗਈ ਸੀ। ਇਸ ਜਾਨਲੇਵਾ ਡੋਰ ਨਾਲ ਪੰਤਗ ਉਡਾਉਣ ਵਾਲਿਆਂ ’ਤੇ ਵੀ ਪੁਲਿਸ ਨੇ ਕਾਰਵਾਈ ਕੀਤੀ ਹੈ।