Ludhaina News: ਪੁਲਿਸ ਜਿਲ੍ਹਾ ਖੰਨਾ ਦੇ ਪਿੰਡ ਰੋਹਲੇ ਵਿੱਚ ਇੱਕ ਵਿਅਕਤੀ ਨੇ ਆਪਣੀ ਸਾਲੀ ਨਾਲ ਨਜਾਇਜ ਸਬੰਧਾਂ ਦੇ ਚੱਲਦਿਆਂ 5 ਸਾਲਾਂ ਦੀ ਮਾਸੂਮ ਧੀ ਨੂੰ ਨਹਿਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ। ਇਸ ਕਾਤਲ ਨੇ ਆਪਣੀ ਪਤਨੀ ਨੂੰ ਵੀ ਮਾਰਨ ਦੀ ਸਾਜ਼ਿਸ ਰਚੀ ਸੀ ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕਿਆ। ਪੁਲਿਸ ਨੇ ਧੀ ਨੂੰ ਮਾਰਨ ਵਾਲੇ ਕਾਤਲ ਪਿਓ ਤੇ ਉਸ ਦੀ ਸਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। 


ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਕੋਲ ਗੁਰਚਰਨ ਸਿੰਘ ਵਾਸੀ ਪਿੰਡ ਰੋਹਲੇ ਨੇ ਬਿਆਨ ਦਰਜ ਕਰਾਏ ਸੀ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਜੋ ਆਪਣੇ ਪਰਿਵਾਰ ਸਮੇਤ ਅਲੱਗ ਰਹਿੰਦਾ ਹੈ ਤੇ ਘਰ ਵਿੱਚ ਕਲੇਸ਼ ਰਹਿਣ ਕਰਕੇ ਤਾਂਤਰਿਕਾਂ ਕੋਲ ਆਉਂਦਾ-ਜਾਂਦਾ ਰਹਿੰਦਾ ਹੈ। ਇੱਕ ਦਿਨ ਗੁਰਪ੍ਰੀਤ ਸਿੰਘ ਨੇ ਆਪਣੇ ਭਰਾ ਗੁਰਚਰਨ ਸਿੰਘ ਨੂੰ ਇਹ ਕਿਹਾ ਸੀ ਕਿ ਤਾਂਤਰਿਕ ਨੇ ਉਸ ਨੂੰ ਕਿਹਾ ਹੈ ਕਿ ਘਰ ਵਿੱਚ ਮਾਤਾ ਦੀ ਮੌਤ ਹੋਵੇਗੀ। ਜੇਕਰ ਇਸਨੂੰ ਰੋਕਣਾ ਹੈ ਤਾਂ ਕਿਸੇ ਦੀ ਬਲੀ ਦੇਣੀ ਪਵੇਗੀ। 


ਇਸੇ ਦੌਰਾਨ ਜਦੋਂ ਗੁਰਪ੍ਰੀਤ ਸਿੰਘ ਦੀ ਮਾਸੂਮ ਧੀ ਲਾਪਤਾ ਹੋ ਜਾਂਦੀ ਹੈ ਤਾਂ ਗੁਰਚਰਨ ਸਿੰਘ ਨੇ ਪੁਲਿਸ ਕੋਲ ਆ ਕੇ ਸ਼ੱਕ ਜਾਹਿਰ ਕੀਤਾ ਕਿ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੇ ਆਪਣੀ ਧੀ ਦੀ ਬਲੀ ਦਿੱਤੀ ਹੈ। ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਹੋਰ ਹੀ ਸੱਚਾਈ ਸਾਮਣੇ ਆਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਦੀ ਪਤਨੀ ਸਾਧਾਰਨ ਹੈ ਤੇ ਉਸ ਨੂੰ ਚੰਗੇ ਮਾੜੇ ਦਾ ਪਤਾ ਨਹੀਂ ਲੱਗਦਾ। 


ਇਸੇ ਕਰਕੇ ਘਰ ਚ ਕਲੇਸ਼ ਰਹਿੰਦਾ ਸੀ। ਇਸ ਦੌਰਾਨ ਗੁਰਪ੍ਰੀਤ ਸਿੰਘ ਦੇ ਅਮਰਗੜ੍ਹ ਰਹਿੰਦੀ ਆਪਣੀ ਸਾਲੀ ਨਾਲ ਸਬੰਧ ਬਣ ਗਏ ਸੀ। ਗੁਰਪ੍ਰੀਤ ਸਿੰਘ ਤੇ ਉਸ ਦੀ ਸਾਲੀ ਸੁਖਵਿੰਦਰ ਕੌਰ ਨੇ ਸਾਜਿਸ ਰਚੀ ਕਿ ਉਪਾਅ ਕਰਨ ਦੇ ਬਹਾਨੇ ਗੁਰਪ੍ਰੀਤ ਸਿੰਘ ਦੀ ਪਤਨੀ ਤੇ ਧੀ ਨੂੰ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਜਾਵੇ। 


12 ਮਾਰਚ ਦੀ ਸਵੇਰ ਨੂੰ ਗੁਰਪ੍ਰੀਤ ਸਿੰਘ ਆਪਣੀ ਪਤਨੀ ਤੇ ਬੇਟਾ ਬੇਟੀ ਸਮੇਤ ਨਹਿਰ ਵਿੱਚ ਨਾਰੀਅਲ ਤਾਰਨ ਬਹਾਨੇ ਗਿਆ। ਉੱਥੇ ਗੁਰਪ੍ਰੀਤ ਦੀ ਪਤਨੀ ਨੇ ਨਾਰੀਅਲ ਤਾਰਨ ਸਮੇਂ ਆਪਣੀ 5 ਸਾਲਾਂ ਦੀ ਧੀ ਦਾ ਹੱਥ ਫੜਿਆ ਸੀ। ਇਸੇ ਦੌਰਾਨ ਗੁਰਪ੍ਰੀਤ ਸਿੰਘ ਨੇ ਪਤਨੀ ਤੇ ਧੀ ਨੂੰ ਨਹਿਰ ਚ ਸੁੱਟਣ ਲਈ ਧੱਕਾ ਮਾਰਿਆ ਤਾਂ ਗੁਰਪ੍ਰੀਤ ਸਿੰਘ ਦੀ ਪਤਨੀ ਬਚ ਗਈ। ਮਾਸੂਮ ਬੱਚੀ ਨਹਿਰ ਚ ਰੁੜ ਗਈ। ਪਤਨੀ ਨੇ ਗੁਰਪ੍ਰੀਤ ਨਾਲ ਧੱਕਾ ਮੁੱਕੀ ਕਰਕੇ ਖੁਦ ਨੂੰ ਬਚਾ ਲਿਆ।