Road Accident: ਜਗਰਾਉਂ 'ਚ ਕੰਮ ਖਤਮ ਕਰਕੇ ਘਰ ਪਰਤ ਰਹੇ ਮੋਟਰਸਾਇਕਲ ਸਵਾਰ ਨੌਜਵਾਨ ਨੂੰ ਦੇਰ ਸ਼ਾਮ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਦੀ ਮਦਦ ਨਾਲ ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।


ਮ੍ਰਿਤਕ ਦੀ ਪਛਾਣ ਦਪਿੰਦਰ ਸਿੰਘ ਵਾਸੀ ਦਾਖਾ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਕਿਵੇਂ ਹੋਇਆ ਇਹ ਹਾਦਸਾ


ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੀਪਕ ਕੁਮਾਰ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਠੇਕੇਦਾਰ ਜਸਵੰਤ ਦਾ ਫੋਨ ਆਇਆ ਸੀ ਕਿ ਜਦੋਂ ਉਹ ਪਿੰਡ ਗੁੜੇ ਵਿਖੇ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ ਤਾਂ ਉਹ ਸਿੱਧਵਾਂ ਬੇਟ ਦੇ ਪਿੰਡ ਭੂਦੂੜੀ ਨੇੜੇ ਪੁੱਜੇ ਤਾਂ ਉਸ ਦੇ ਭਰਾ ਦਪਿੰਦਰ ਸਿੰਘ ਨੇ ਉਸ ਨੂੰ ਪਿੰਡ ਭੂਦੜੀ ਵਿਖੇ ਉਤਾਰ ਦਿੱਤਾ। ਇਸ ਦੌਰਾਨ ਉਹ ਇਕੱਲਾ ਹੀ ਮੋਟਕਸਾਈਕਲ ਲੈ ਕੇ ਆਪਣੇ ਪਿੰਡ ਜਾਣ ਲੱਗਾ। ਜਦੋਂ ਉਹ ਨਿਊ ਪੰਜਾਬ ਪਬਲਿਕ ਸਕੂਲ ਪਿੰਡ ਭੂਦੜੀ ਤੋਂ ਥੋੜ੍ਹਾ ਅੱਗੇ ਗਿਆ। ਉਦੋਂ ਅਣਪਛਾਤੇ ਤੇਜ਼ ਰਫਤਾਰ ਚਾਲਕ ਨੇ ਲਾਪਰਵਾਹੀ ਦਿਖਾਉਂਦੇ ਹੋਏ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਹੇਠਾਂ ਸੜਕ 'ਤੇ ਡਿੱਗ ਗਿਆ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ।


ਪੁਲਿਸ ਨੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਕੀਤਾ ਦਰਜ


ਲੋਕਾਂ ਦੀ ਮਦਦ ਨਾਲ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 304ਏ, 279 ਅਤੇ 427 ਆਈਪੀਸੀ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।