Ludhiana News : ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਬੂਥ ਵਲੰਟੀਅਰਾਂ ਨੇ ਇਕੱਠੇ ਹੋ ਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਰਹਿਨੁਮਾਈ ਹੇਠ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹੋਲੇ ਮੁਹੱਲੇ ਨੂੰ ਸਮਰਪਿਤ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਦਾ ਪਿੰਡ ਕਾਉਂਕੇ ਕਲਾਂ ਤੋਂ ਮਾਣੂੰਕੇ ਤੱਕ ਵਿਸ਼ਾਲ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਰਵਾਨਾਂ ਕੀਤਾ ਗਿਆ ਤੇ ਇਸ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ। 

 


 

ਇਸ ਮਾਰਚ ਦੌਰਾਨ ਵਲੰਟੀਅਰਾਂ ਦੇ ਹੱਥਾਂ ਵਿੱਚ ਲੋਕਾਂ ਨੂੰ ਜਾਗ੍ਰਿਤ ਕਰਦੇ ਸਲੋਗਨਾਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ, ਜਿੰਨਾਂ ਉਪਰ ਵੱਖ ਵੱਖ ਨਾਹਰੇ 'ਪੱਕੀ ਬੱਦਲਾਂ ਦੀ ਛਾਂ ਕੋਈ ਨਾ, ਵੇ ਪੁੱਤਰੋ ਹੋਸ਼ ਕਰੋ ਇਹਨਾਂ ਨਸ਼ਿਆਂ ਦੀ ਮਾਂ ਕੋਈ ਨਾ, 'ਪੰਜਾਬੀਓ ਜਾਗੋ, ਨਸ਼ੇ ਤਿਆਗੋ, 'ਨਸ਼ੇ ਨਾਲੋਂ ਤੋੜੋ ਯਾਰੀ, ਜੀਵਨ ਦੇ ਨਾਲ ਜੋੜੋ ਯਾਰੀ, ਨਸ਼ੇ ਦੇ ਸ਼ੌਕ ਅਵੱਲੇ, ਭੀਖ ਮੰਗਾਵੇ ਕੁੱਝ ਨਾ ਛੱਡੇ ਪੱਲੇ ਆਦਿ ਲਿਖੇ ਹੋਏ ਸਨ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਲੋਕਾਂ ਨੂੰ ਜਾਗ੍ਰਿਤ ਕਰਦਿਆਂ 'ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ, ਪੰਜਾਬ 'ਚ ਨਸ਼ਾ ਰਹਿਣ ਨਹੀਂ ਦੇਣਾ, ਦਾ ਨਾਹਰਾ ਦਿੰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ ਤੇ ਮੁਹਿੰਮ ਵਿੱਢੀ ਹੋਈ ਹੈ ਅਤੇ ਉਹਨਾਂ ਹਲਕਾ ਜਗਰਾਉਂ ਅਧੀਨ ਨੌਜੁਆਨਾਂ ਵੱਲੋਂ ਇਕੱਠੇ ਹੋ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਦਾ ਮਾਰਚ ਕੱਢਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। 

 

ਉਹਨਾਂ ਆਖਿਆ ਕਿ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਦਾ ਖਿਆਲ ਰੱਖਣ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਸਿੱਖਿਆ ਦੇਣ ਤੇ ਚੰਗੀ ਸੰਗਤ ਵਿੱਚ ਰਹਿਣ ਲਈ ਪ੍ਰੇਰਣਾ ਦੇਣ। ਉਹਨਾਂ ਆਖਿਆ ਕਿ ਜੇਕਰ ਕੋਈ ਨੌਜੁਆਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਜਾਂ ਐਮ.ਐਲ.ਏ. ਦਫਤਰ ਜਗਰਾਉਂ ਵਿਖੇ ਸੰਪਰਕ ਕਰ ਸਕਦਾ ਹੈ, ਨਸ਼ਿਆਂ ਤੋਂ ਪੀੜਿਤ ਵਿਅਕਤੀ ਦਾ ਨਸ਼ਾ ਛੁਡਾਉਣ ਲਈ ਪੂਰੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਵੱਡੀ ਗਿਣਤੀ ਵਿੱਚ ਇਕੱਤਰ ਹੋਏ 'ਆਪ' ਵਲੰਟੀਅਰਾਂ ਤੇ ਆਗੂਆਂ ਨੂੰ ਸਫ਼ਲ ਮਾਰਚ ਕੱਢਣ ਦੀ ਵਧਾਈ ਦਿੱਤੀ। 

 


 

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਨਿਰਭੈ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਬਲਾਕ ਪ੍ਰਧਾਨ ਛਿੰਦਰਪਾਲ ਸਿੰਘ ਮੀਨੀਆਂ, ਸ਼ਹਿਰ ਪ੍ਰਧਾਨ ਗੁਰਪ੍ਰੀਤ ਸਿੰਘ ਨੋਨੀ, ਐਡਵੋਕੇਟ ਕਰਮ ਸਿੰਘ ਸਿੱਧੂ, ਡਾ.ਮਨਦੀਪ ਸਿੰਘ ਸਰਾਂ, ਕਾਕਾ ਕੋਠੇ ਅੱਠ ਚੱਕ, ਸੁਖਦੇਵ ਸਿੰਘ ਕਾਉਂਕੇ ਕਲਾਂ, ਜਗਰੂਪ ਸਿੰਘ ਕਾਉਂਕੇ, ਸੋਨੀ ਕਾਉਂਕੇ, ਗੁਰਪ੍ਰੀਤ ਸਿੰਘ ਡਾਂਗੀਆਂ, ਜਗਪਾਲ ਸਿੰਘ ਡਾਂਗੀਆਂ, ਸੁਖਵੀਰ ਸਿੰਘ ਕਾਉਂਕੇ, ਬਲਵਿੰਦਰ ਸਿੰਘ ਠੇਕੇਦਾਰ, ਹਨੀ ਕਾਉਂਕੇ, ਤਰਸੇਮ ਸਿੰਘ ਹਠੂਰ, ਪਾਲੀ ਸਿੱਧੂ ਡੱਲਾ, ਡਾ.ਰਾਜਾ ਚਕਰ, ਜੱਸੀ ਅਗਵਾੜ ਲੋਪੋ, ਲਖਵੀਰ ਸਿੰਘ ਲੱਖਾ, ਸੁਭਾਸ਼ ਕੁਮਾਰ, ਡਾ.ਮੇਹਰ ਸਿੰਘ, ਜਗਰੂਪ ਸਿੰਘ, ਰੱਜਤ ਸ਼ਰਮਾਂ, ਬਲਦੇਵ ਸਿੰਘ ਭੋਲਾ, ਜੱਸੂ ਸਪੇਨ, ਕਾਮਰੇਡ ਭੋਲਾ ਸਿੰਘ, ਮੁਖਤਿਆਰ ਸਿੰਘ ਮਾਣੂੰਕੇ, ਮਿੰਟੂ ਮਾਣੂੰਕੇ, ਬੱਬੂ ਸਰਪੰਚ ਦੇਹੜਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ 'ਆਪ' ਵਲੰਟੀਅਰ ਹਾਜ਼ਰ ਸਨ।