ਜਗਰਾਓਂ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਇੱਕ ਵਿਅਕਤੀ ਵੱਲੋਂ ਚੋਰ ਕਹਿਣ 'ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਪੁਲਿਸ ਦੀ ਹਾਜ਼ਰੀ ਵਿੱਚ ਹੀ ਵਿਅਕਤੀ ਦਾ ਕੁਟਾਪਾ ਚਾੜ੍ਹ ਦਿੱਤਾ।  ਭੜਕੇ ਵਲੰਟੀਅਰਾਂ ਨੇ ਚੋਰ ਕਹਿਣ ਵਾਲੇ ਦੇ ਲੱਤਾਂ, ਮੁੱਕੇ ਮਾਰਦਿਆਂ ਜੰਮ ਕੇ ਵਿਰੋਧ ਕੀਤਾ ਜਿਸ ’ਤੇ ਪੁਲਿਸ ਨੇ ਭਾਰੀ ਜੱਦੋਜਹਿਦ ਕਰਦਿਆਂ ਉਕਤ ਵਿਅਕਤੀ ਨੂੰ ਕਿਸੇ ਤਰ੍ਹਾਂ ਵਲੰਟੀਅਰਾਂ ਤੋਂ ਬਚਾਇਆ।


ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ’ਚ ਵਲੰਟੀਅਰ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਦੀ ਸ਼ਿਕਾਇਤ ਲੈ ਕੇ ਐੱਸਐੱਸਪੀ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਐੱਸਐੱਸਪੀ ਦੇ ਸੱਦੇ 'ਤੇ ਗਿਣਤੀ ਦੇ ਕੁਝ ਆਗੂ ਉਨ੍ਹਾਂ ਨੂੰ ਸ਼ਿਕਾਇਤ ਪੱਤਰ ਦੇਣ ਦਫ਼ਤਰ ਦੇ ਅੰਦਰ ਦਾਖਲ ਹੋ ਗਏ ਜਦਕਿ ਬਾਕੀ ਇਕੱਠ ਦਫ਼ਤਰ ਦੇ ਬਾਹਰ ਖੜ੍ਹਾ ਰਿਹਾ। ਇਸੇ ਦੌਰਾਨ ਐੱਸਐੱਸਪੀ ਨੂੰ ਮਿਲ ਕੇ ਬਾਹਰ ਆ ਰਹੇ ਆਪ ਲੀਡਰਾਂ ਨੂੰ ਗਾਲਿਬ ਕਲਾਂ ਵਾਸੀ ਰਛਪਾਲ ਸਿੰਘ ਮਿਲ ਗਿਆ ਜਿਸ ਨੇ  AAP ਵਰਕਰਾਂ ਦੀ ਹਾਜ਼ਰੀ ਵਿਚ ਹੀ ਇਹ ਕਹਿ ਦਿੱਤਾ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਚੋਰ ਹੈ।




ਇਸ 'ਤੇ ਆਮ ਆਦਮੀ ਪਾਰਟੀ ਦੇ  ਵਲੰਟੀਅਰ ਭੜਕ ਗਏ ਅਤੇ ਉਨ੍ਹਾਂ ਨੇ ਪੁਲਿਸ ਦੀ ਮੌਜੂਦਗੀ ਵਿਚ ਰਛਪਾਲ ਸਿੰਘ ਨੂੰ ਘੇਰ ਲਿਆ। ਪੁਲਿਸ ਦੇ ਬਚਾਅ ਕਰਦਿਆਂ ਕਰਦਿਆਂ ਆਗੂਆਂ ਨੇ ਰਛਪਾਲ ਦੇ ਲੱਤਾਂ, ਮੁੱਕੇ ਮਾਰਦਿਆਂ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਪੁਲਿਸ ਨੇ ਕਿਸੇ ਤਰ੍ਹਾਂ AAP ਵਰਕਰਾਂ ਨੂੰ ਸੰਭਾਲਦਿਆਂ ਰਛਪਾਲ ਗਾਲਿਬ ਨੂੰ ਐੱਸਐੱਸਪੀ ਦਫ਼ਤਰ 'ਚੋਂ ਬਾਹਰ ਕੱਢਿਆ ਤਾਂ ਬਾਹਰ ਖੜ੍ਹੇ ਵਲੰਟੀਅਰਾਂ ਦੀ ਭੀੜ ਨੇ ਉਸ ਨੂੰ ਆ ਘੇਰਿਆ ਤੇ ਉਸ ਨਾਲ ਬਹਿਸਬਾਜ਼ੀ ਕਰਦਿਆਂ ਵਿਰੋਧ ਕੀਤਾ। 


ਭੀੜ ਦੇ ਬੇਕਾਬੂ ਹੁੰਦਿਆਂ ਦੇਖ ਪੁਲਿਸ ਨੇ ਰਛਪਾਲ ਨੂੰ ਫਿਰ ਕਿਸੇ ਤਰਾਂ ਉਨ੍ਹਾਂ ਤੋਂ ਦੂਰ ਕੀਤਾ। ਇਸ ਮੌਕੇ  AAP ਵਰਕਰਾਂ ਨੇ ਦੋਸ਼ ਲਾਇਆ ਕਿ ਰਛਪਾਲ ਗਾਲਿਬ ਵਿਧਾਇਕਾ ਦਾ ਕੱਟੜ ਵਿਰੋਧੀ ਹੈ। ਉਸ ਨੇ ਪਹਿਲਾਂ ਤਾਂ ਪਾਰਟੀ ਤੋਂ ਟਿਕਟ ਮੰਗੀ ਅਤੇ ਜਦੋਂ ਟਿਕਟ ਨਾ ਮਿਲੀ ਤਾਂ ਉਸ ਨੇ ਵਿਧਾਇਕਾ ਖ਼ਿਲਾਫ਼ ਝੂਠੀ ਆਡੀਓ ਵਾਇਰਲ ਕਰ ਦਿੱਤੀ ਸੀ।


 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial