Ludhiana : ਲੁਧਿਆਣਾ ਦਾ ਸਿਵਲ ਹਸਪਤਾਲ ਦੇ ਵਾਰਡ ਲਾਵਾਰਿਸ ਹਾਲਤ ਵਿੱਚ ਹਨ। ਵਾਰਡਾਂ ਵਿੱਚ ਮਰੀਜ਼ ਕਿਸ ਹਾਲਤ ਵਿੱਚ ਹੈ, ਸਟਾਫ਼ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਹੈ। ਹਸਪਤਾਲ ਦੀ ਦੂਸਰੀ ਮੰਜ਼ਿਲ 'ਤੇ ਬੀਤੀ ਰਾਤ ਲਾਵਾਰਿਸ ਮਰੀਜ਼ਾਂ ਲਈ ਬਣੇ ਵਾਰਡ 'ਚ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਏ ਵਿਅਕਤੀ ਨੂੰ ਲੋਕਾਂ ਨੇ ਜ਼ਖਮੀ ਹਾਲਤ 'ਚ ਦਾਖਲ ਕਰਵਾਇਆ ਸੀ।


ਦੱਸ ਦਈਏ ਕਿ ਉਹ ਮਰੀਜ਼ ਬੈੱਡ ਤੋਂ ਹੇਠਾਂ ਡਿੱਗ ਗਿਆ। ਉਸਨੇ ਚੀਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸੇ ਵੀ ਨਰਸ ਜਾਂ ਸਟਾਫ ਨੇ ਉਸਦੀ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕਰੀਬ 2 ਘੰਟੇ ਤੱਕ ਲਾਸ਼ ਪਈ ਰਹੀ, ਜਦਕਿ ਇਸ ਵਾਰਡ ਤੋਂ ਕਰੀਬ 4 ਕਦਮ ਦੂਰ ਨਰਸਾਂ ਲਈ ਰਿਸੈਪਸ਼ਨ ਹੈ। ਜਦੋਂ ਮੌਕੇ 'ਤੇ ਮੌਜੂਦ ਇੱਕ ਨਰਸ ਤੋਂ ਪੁੱਛਿਆ ਗਿਆ ਕਿ ਉਸ ਨੂੰ ਨਹੀਂ ਪਤਾ ਕਿ ਲਾਸ਼ ਜ਼ਮੀਨ 'ਤੇ ਪਈ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ 10 ਮਿੰਟ ਪਹਿਲਾਂ ਹੀ ਆਈ ਹੈ


 ਇਸ ਦੀ ਸੂਚਨਾ ਮਿਲਦਿਆਂ ਹੀ ਮੀਡੀਆ ਵੀ ਹਸਪਤਾਲ ਪਹੁੰਚ ਗਿਆ। ਮ੍ਰਿਤਕ ਦੀਆਂ ਦੋਵੇਂ ਲੱਤਾਂ 'ਤੇ ਪਲਾਸਟਰ ਲਗਾਇਆ ਹੋਇਆ ਸੀ। ਇਸ ਦੇ ਨਾਲ ਹੀ ਲਾਸ਼ 'ਚੋਂ ਖੂਨ ਨਿਕਲ ਰਿਹਾ ਸੀ। ਮੌਕੇ 'ਤੇ ਮੌਜੂਦ ਨਰਸ ਨੇ ਆਪਣਾ ਨਾਂ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਦਿਨ ਵੇਲੇ ਡਿਊਟੀ ’ਤੇ ਆਈ ਨਰਸ ਨੇ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਨਹੀਂ ਦਿੱਤੀ ਕਿ ਖਾਲੀ ਪਏ ਵਾਰਡ ਵਿੱਚ ਫਰਸ਼ ’ਤੇ ਇੱਕ ਲਾਸ਼ ਪਈ ਹੈ। ਇਸ ਜਵਾਬ ਤੋਂ ਬਾਅਦ ਨਰਸ ਨੇ ਕਈ ਅਧਿਕਾਰੀਆਂ ਅਤੇ ਸਵੀਪਰਾਂ ਨੂੰ ਬੁਲਾਇਆ, ਤਾਂ ਜੋ ਲਾਸ਼ ਨੂੰ ਚੁੱਕਿਆ ਜਾ ਸਕੇ।


 ਇਸ ਦੌਰਾਨ ਨਰਸ ਨੇ ਮੌਕੇ 'ਤੇ ਮੌਜੂਦ ਇਕ ਸਵੀਪਰ ਨਾਲ ਬਹਿਸ ਕੀਤੀ ਅਤੇ ਉਸ 'ਤੇ ਮੀਡੀਆ ਨੂੰ ਵਾਰਡ 'ਚ ਬੁਲਾਉਣ ਦਾ ਦੋਸ਼ ਲਗਾਇਆ। ਕਰੀਬ 2 ਘੰਟੇ ਬਾਅਦ ਲਾਸ਼ ਨੂੰ ਲਾਵਾਰਿਸ ਵਾਰਡ 'ਚੋਂ ਚੁੱਕ ਕੇ ਮੁਰਦਾਘਰ 'ਚ ਰਖਵਾਇਆ ਗਿਆ। 


ਪੁਲਿਸ ਮ੍ਰਿਤਕ ਵਿਅਕਤੀ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਐਸ.ਐਮ.ਓ ਮਨਦੀਪ ਕੌਰ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੈ। ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ