Ludhiana News: ਅਦਾਕਾਰ ਦੀਪ ਸਿੱਧੂ ਦੀ ਯਾਦ ਵਿੱਚ ਅਹਿਮ ਉਪਰਾਲਾ ਕੀਤਾ ਗਿਆ ਹੈ। ਨੌਜਵਾਨਾਂ ਨੂੰ ਆਈਏਐਸ ਤੇ ਪੀਸੀਐਸ ਦੀ ਤਿਆਰੀ ਕਰਵਾਉਣ ਲਈ ਮੁਫਤ ਕੋਚਿੰਗ ਦੇਣ ਲਈ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਇਸ ਦਾ ਉਦਘਾਟਨ ਬੁੱਧਵਾਰ ਨੂੰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਹਸਪਤਾਲ ਤੇ ਬਲੱਡ ਬੈਂਕ ਵੀ ਬਣੇਗਾ।


 


ਦੱਸ ਦਈਏ ਕਿ ਕਿਸਾਨੀ ਅੰਦੋਲਨ ਦੌਰਾਨ ਨੌਜਵਾਨਾਂ ਦੇ ਲੀਡਰ ਵਜੋਂ ਉੱਭਰ ਕੇ ਆਏ ਅਦਾਕਾਰ ਦੀਪ ਸਿੱਧੂ ਦੀ ਯਾਦ ਵਿੱਚ ਜਗਰਾਉਂ ਨੇੜੇ ਚੌਕੀਮਾਨ ਵਿੱਚ ਬੁੱਧਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਦੀਪ ਸਿੱਧੀ ਦੀ ਯਾਦ ‘ਚ ਬਣਨ ਵਾਲੇ ਹਸਪਤਾਲ, ਬਲੱਡ ਬੈਂਕ ਤੇ ਨੌਜਵਾਨਾਂ ਨੂੰ ਆਈਏਐਸ ਤੇ ਪੀਸੀਐਸ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। 



ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਉਸਾਰਨ ਦਾ ਕਾਰਜ ਵੀ ਸ਼ੁਰੂ ਹੋਇਆ। ਸਮਾਗਮ ਦੀ ਸ਼ੁਰੂਆਤ 13 ਫਰਵਰੀ ਨੂੰ ਅਖੰਡ ਪਾਠ ਰੱਖਣ ਨਾਲ ਹੋਈ ਸੀ ਜਿਨ੍ਹਾਂ ਦੇ ਬੁੱਧਵਾਰ ਭੋਗ ਪਾਏ ਗਏ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਪਹੁੰਚੇ ਜਿਨ੍ਹਾਂ ਨੂੰ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਨਮਾਨਤ ਕੀਤਾ ਗਿਆ। ਸਮਾਗਮ ‘ਚ ਲੇਖਕ-ਨਿਰਦੇਸ਼ਕ ਅਮਰਦੀਪ ਗਿੱਲ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਬਾਬਾ ਰਵਿੰਦਰ ਸਿੰਘ ਜੌਨੀ ਨਾਨਕਸਰ ਨੇ ਹਾਜ਼ਰੀ ਲਗਵਾਈ। 



ਇਸ ਮੌਕੇ ਬਲਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਸੁਰੱਖਿਅਤ ਨਹੀਂ ਹੈ। ਇੱਥੇ ਇੱਕ ਅਜਿਹੀ ਹਨ੍ਹੇਰੀ ਵਗ਼ ਰਹੀ ਹੈ ਜਿਸ ਵਿੱਚ ਪੈਸਾ ਹੀ ਸਭ ਕੁਝ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਗਿਆਰਾਂ ਮਹੀਨੇ ਤੋਂ ਪੁੱਤ ਦੇ ਕਤਲ ਲਈ ਇਨਸਾਫ਼ ਮੰਗ ਰਹੇ ਹਨ ਪਰ ਸਰਕਾਰ ਤੇ ਪੁਲੀਸ ਨੇ ਹਾਲੇ ਤੱਕ ਕੁਝ ਨਹੀਂ ਕੀਤਾ। ਕਈ ਲੋਕਾਂ ਦੇ ਨਾਂ ਦੇਣ ਦੇ ਬਾਵਜੂਦ ਵੀ ਪੁਲੀਸ ਤੇ ਸਰਕਾਰ ਪਤਾ ਨਹੀਂ ਕਿਉਂ ਕਾਨੂੰਨੀ ਕਾਰਵਾਈ ਕਰਨ ਤੋਂ ਪੈਰ ਪਿਛਾਂਹ ਖਿੱਚਦੀ ਦਿਖਾਈ ਦਿੰਦੀ ਹੈ। 


ਉਨ੍ਹਾਂ ਕਿਹਾ ਕਿ ਉਹ ਹੁਣ ਮਾਰਚ ਵਿੱਚ ਆਪਣੇ ਪੁੱਤ ਦੀ ਬਰਸੀ ਮਨਾਉਣਗੇ। ਉਨ੍ਹਾਂ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਮੌਤ ਲਈ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਸਮੇਂ ਉਹ ਸਕਾਰਪੀਓ ਗੱਡੀ ਲਿਆਂਦੀ ਗਈ ਸੀ ਜਿਸ ਵਿੱਚ ਦੀਪ ਸਿੱਧੂ ਦੀ ਹਾਦਸੇ ਕਰਕੇ ਮੌਤ ਹੋਈ ਸੀ।