Punjab Police: ਲੁਧਿਆਣਾ 'ਚ ਬੀਤੀ ਰਾਤ ਇੱਕ ਆਟੋ ਚਾਲਕ ਨੂੰ ਡੰਡਿਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਆਟੋ ਚਾਲਕ ਨੇ ਪੁਲਿਸ ਮੁਲਾਜ਼ਮਾਂ ’ਤੇ ਲਾਠੀਆਂ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਾਏ ਹਨ।  ਜਾਣਕਾਰੀ ਦਿੰਦੇ ਹੋਏ ਪੀੜਤ ਵਿਕਰਮ ਨੇ ਦੱਸਿਆ ਕਿ ਉਹ ਇੱਕ ਇੰਜੀਨੀਅਰ ਹੈ ਤੇ ਕੰਮ ਨਾ ਹੋਣ ਕਾਰਨ ਉਹ ਕਿਰਾਏ ਦਾ ਆਟੋ ਚਲਾਉਂਦਾ ਹੈ।


ਬੀਤੀ ਰਾਤ ਕਰੀਬ 11 ਵਜੇ ਉਹ ਸਵਾਰੀ ਲੈਣ ਲਈ ਰੇਲਵੇ ਸਟੇਸ਼ਨ ਗਿਆ ਸੀ। ਜਿਵੇਂ ਹੀ ਉਹ ਸਵਾਰੀਆਂ ਲਾਹ ਕੇ ਵਾਪਸ ਆ ਰਿਹਾ ਸੀ ਤਾਂ ਰਾਹ ਵਿੱਚੋਂ ਇੱਕ ਔਰਤ ਤੇ ਇੱਕ ਵਿਅਕਤੀ ਨੇ ਉਸ ਨੂੰ ਰੁਕਣ ਲਈ ਹੱਥ ਦਾ ਇਸ਼ਾਰਾ ਕੀਤਾ। ਉਨ੍ਹਾਂ ਨੇ ਉਸ ਨੂੰ ਤਾਜਪੁਰ ਰੋਡ ਧਰਮਕਾਂਟਾ ਕੋਲ ਲਾਹੁਣ ਲਈ ਕਿਹਾ। ਆਟੋ ਚਾਲਕ ਵਿਕਰਮ ਅਨੁਸਾਰ ਉਸ ਨੇ ਉਨ੍ਹਾਂ ਨੂੰ ਆਟੋ ਵਿੱਚ ਬਿਠਾ ਦਿੱਤਾ। ਕੁਝ ਦੂਰ ਜਾਣ ਤੋਂ ਬਾਅਦ ਔਰਤ ਨੇ ਕਿਹਾ ਕਿ ਆਟੋ ਰੋਕੋ, ਮੈਂ ਬਾਥਰੂਮ ਜਾਣਾ ਹੈ। ਔਰਤ ਦੇ ਕਹਿਣ 'ਤੇ ਉਸ ਨੇ ਆਟੋ ਰੋਕ ਲਿਆ।


ਔਰਤ ਤੇ ਉਸ ਦੇ ਨਾਲ ਆਏ ਵਿਅਕਤੀ ਆਟੋ ਤੋਂ ਹੇਠਾਂ ਉਤਰ ਗਏ। ਇਸੇ ਦੌਰਾਨ ਪਿੱਛੇ ਤੋਂ ਇੱਕ ਵਿਅਕਤੀ ਬੁਲੇਟ ਮੋਟਰਸਾਈਕਲ ’ਤੇ ਆਇਆ ਤੇ ਉਸ ਨੇ ਬੀੜੀ ਮੰਗੀ ਜਿਵੇਂ ਹੀ ਉਸਨੇ ਬੀੜੀ ਦਿੱਤੀ ਤਾਂ ਪੁਲਿਸ ਦੀ ਇੱਕ ਕਾਰ ਉਸਦੇ ਨੇੜੇ ਆ ਗਈ ਤੇ ਉਹ ਉੱਥੋਂ ਚਲਾ ਗਿਆ, ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਾਫੀ ਦੂਰ ਤੱਕ ਬਾਈਕ ਸਵਾਰ ਦਾ ਪਿੱਛਾ ਕੀਤਾ ਪਰ ਕੁਝ ਸਮੇਂ ਬਾਅਦ ਵਾਪਸ ਆ ਰਹੀ ਪੁਲਿਸ ਦੀ ਕਾਰ ਨੇ ਉਸਦਾ ਆਟੋ ਰੋਕ ਲਿਆ। ਪੁਲਿਸ ਦੀ ਗੱਡੀ ਦੇ ਅੰਦਰ ਤਿੰਨ ਪੁਲੀਸ ਮੁਲਾਜ਼ਮ ਬੈਠੇ ਸਨ। ਇੱਕ ਅਧਿਕਾਰੀ ਅਤੇ ਦੋ ਬਿਨਾਂ ਵਰਦੀ ਦੇ ਸਨ।


ਪੀੜਤ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਵਿੱਚ ਡਰਾਈਵਰ ਦੇ ਨਾਲ ਇੱਕ ਕਾਂਸਟੇਬਲ ਵੀ ਸੀ। ਕਾਂਸਟੇਬਲ ਨੇ ਪਹਿਲਾਂ ਆਟੋ ਨੂੰ ਡੰਡੇ ਨਾਲ ਮਾਰਿਆ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਮਾਂ-ਭੈਣ ਦੀਆਂ ਗਾਲਾਂ ਕੱਢ ਕੇ ਡੰਡਿਆਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਵਿਕਰਮ ਮੁਤਾਬਕ, ਸ਼ਨੀ ਮੰਦਰ ਦੇ ਬਾਹਰ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੇ ਐਸਐਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।