Ludhiana News : ਨਾਨਕਸਰ ਸੰਪਰਦਾਇ ਬਾਬਾ ਕੁੰਦਨ ਧੰਨ ਧੰਨ ਬਾਬਾ ਕੁੰਦਨ ਸਿੰਘ ਉਹ ਪਾਰਸ ਸਨ, ਜਿਨ੍ਹਾ ਨੇ ਲੱਖਾਂ ਪ੍ਰਾਣੀਆਂ ਨੂੰ ਕੁੰਦਨ ਬਣਾਇਆ ਅਤੇ ਹਰ ਅਭਿਲਾਸ਼ੀ ਦੇ ਮਨ ਵਿਚ ਨਾਮ ਰੂਪੀ ਦੀਵੇ ਦਾ ਚਾਨਣ ਕੀਤਾ। ਬਾਬਾ ਕੁੰਦਨ ਸਿੰਘ ਜੀ ਦਾ ਜਨਮ 26 ਮਈ 1925 ਨੂੰ ਪੱਛਮੀਂ ਪੰਜਾਬ ਦੇ ਜਿਲ੍ਹਾ ਲਾਹੌਰ ਦੀ ਤਹਿਸੀਲ ਚੂਨੀਆਂ ਵਿਚ ਪਿੰਡ ਗੱਜਨ ਸਿੰਘ ਵਾਲਾ ਵਿਖੇ ਪਿਤਾ ਠਾਕੁਰ ਸਿੰਘ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਸੁਭਾਗੀ ਕੁਖੋਂ ਹੋਇਆ। ਬਚਪਨ ਤੋਂ ਹੀ ਆਪਦੀ ਬਿਰਤੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸਰਵਣ ਕਰਨ ਵੱਲ ਵਧੇਰੇ ਸੀ। ਇਸੇ ਦੌਰਾਨ ਹੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਜਦੋਂ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਿੰਡ ਗੱਜਣ ਸਿੰਘ ਵਾਲਾ ਵਿਖੇ ਪੁੱਜੇ ਤਾਂ ਉਹਨਾਂ ਦੀ ਸੁਵੱਲੀ ਅਤੇ ਦਿਆਲੂ ਨਜ਼ਰ ਬਾਬਾ ਕੁੰਦਨ ਸਿੰਘ ਜੀ ਤੇ ਪਈ ਅਤੇ ਇਸ ਰੂਹਾਨੀ ਦੀਦਾਰ ਨੇ ਬਾਬਾ ਕੁੰਦਨ ਸਿੰਘ ਨੂੰ ਬਾਬਾ ਜੀ ਦਾ ਮੁਰੀਦ ਬਣਾ ਦਿੱਤਾ। ਆਪ ਜਲਦੀ ਹੀ ਬਾਬਾ ਜੀ ਦੀ ਪਵਿੱਤਰ ਗੋਦ ਵਿਚ ਨਾਨਕਸਰ ਵਿਖੇ ਪਹੁੰਚ ਗਏ ਤੇ ਨਾਨਕਸਰ ਦੀ ਭਾਗਾਂਭਰੀ ਪਵਿੱਤਰ ਧਰਤੀ ਨੂੰ ਪੱਕੇ ਤੌਰ ਤੇ ਸਮਰਪਿਤ ਹੋ ਗਏ।

ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਢਾਈ-ਤਿੰਨ ਵਰ੍ਹੇ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਅਤੇ ਉਹਨਾਂ ਉਪਰੰਤ ਬਾਬਾ ਈਸ਼ਰ ਸਿੰਘ ਜੀ ਦੀ 12 ਵਰ੍ਹੇ ਸੰਗਤ ਕੀਤੀ ਅਤੇ ਉਹਨਾਂ ਦੇ ਮੁਰਸ਼ਦ ਵਾਲੇ ਪਿਆਰ ਦਾ ਆਨੰਦ ਮਾਣਿਆ। ਆਪਦੇ ਰੂਹਾਨੀ ਗੁਰੂ ਦੀ ਪਾਰਸ-ਛੁਹ ਨਾਲ ‘ਕੁੰਦਨ’ ਬਣਕੇ ਆਪ ਨੇ ਸੇਵਾ ਸਾਧਨਾਂ ਦੀ ਉਨ੍ਹਾਂ ਮਹਾਨ ਬੁਲੰਦੀਆਂ ਨੂੰ ਛੁਹਿਆ, ਜਿਹੜੀਆਂ ਵਿਰਲੇ ਮਹਾਂਪੁਰਖਾਂ ਦੇ ਹਿੱਸੇ ਹੀ ਆਉਂਦੀਆ ਹਨ।

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਲ ਬਾਬਾ ਕੁੰਦਨ ਸਿੰਘ ਜੀ ਦਾ ਅਥਾਹ ਸ਼ਰਧਾ ਤੇ ਸਤਿਕਾਰ ਵਾਲਾ ਰਿਸ਼ਤਾ ਸੀ। ਜਦੋਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਠਾਠ ਨੂੰ ਛੱਡ ਕੇ ਦੇਹਰਾਦੂਨ ਦੇ ਜੰਗਲਾਂ ’ਚ ਚਲੇ ਗਏ ਅਤੇ ਉਥੇ ਲੱਗਪਗ ਦੋ ਸਾਲ ਰਹਿ ਕੇ ਘੋਰ ਤਪੱਸਿਆ ਕੀਤੀ ਤਾਂ ਉਸ ਸਮੇਂ ਵੀ ਆਪ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਸਨ ਅਤੇ ਉਹਨਾਂ ਦੀ ਸੇਵਾ ਵਿਚ ਹਮੇਸ਼ਾਂ ਹਾਜ਼ਰ ਰਹਿੰਦੇ। 1950 ਵਿਚ ਆਪਨੇ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਨਾਨਕਸਰ ਦੀ ਕਾਰ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬ੍ਰਹਮ ਲੀਨ ਹੋਣ ਤੋਂ ਬਾਅਦ ਨਾਨਕਸਰ ਕਲੇਰਾਂ ਵਿਖੇ ਗੁਰੁ ਗ੍ਰੰਥ ਸਾਹਿਬ ਦੀ ਸੇਵਾ ਅਤੇ ਮਰਿਯਾਦਾ ਪਾਲਣ ਦੀਆਂ ਡਿਊਟੀਆਂ ਬਾਬਾ ਕੁੰਦਨ ਸਿੰਘ ਜੀ ਵਲੋਂ ਕਰੜੀ ਤੱਪਸਿਆ, ਸ਼ਰਧਾ, ਸਤਿਕਾਰ ਅਤੇ ਪੂਰੀ ਤਨਦੇਹੀ ਨਾਲ ਇਕ ਮਨ ਇਕ ਚਿੱਤ ਹੋ ਕੇ ਨਿਭਾਈਆਂ ਗਈਆਂ। ਬਾਬਾ ਜੀ ਦੀ ਚੁੰਭਕੀ ਖਿੱਚ ਨਾਲ ਭਰਪੂਰ ਸ਼ਕਸੀਅਤ ਦੇ ਵਿਚ ਸੇਵਾ ਦੀ ਭਾਵਨਾ ਦਾ ਪ੍ਰਮੁੱਖ ਸਥਾਨ ਰਿਹਾ। ਬਾਬਾ ਜੀ ਆਪਣੇ ਹੱਥੀਂ ਸੰਗਤਾਂ ਦੀ ਸੇਵਾ ਕਰਦੇ, ਕਾਰ ਸੇਵਾ ਵਿਚ ਹਮੇਸ਼ਾਂ ਵਧ-ਚੜ੍ਹਕੇ ਭਾਗ ਲੈਂਦੇ ਅਤੇ ਹਰ ਸੰਗੀ ਨੂੰ ਹਮੇਸ਼ਾਂ ਸੇਵਾ ਵਿਚ ਜੁਟੇ ਰਹਿਣ ਦੀ ਪ੍ਰੇਰਨਾ ਕਰਦੇ। ਉਹਨਾਂ ਦੀ ਰਹਿਨੁਮਾਈ ਹੇਠ ਦੋ ਦਰਜਨ ਤੋਂ ਵਧੇਰੇ ਗੁਰਦੁਆਰਾ ਸਾਹਿਬਾਨਾਂ ਤੇ ਸਰੋਵਰਾਂ ਦੀ ਕਾਰ ਸੇਵਾ ਪ੍ਰਵਾਨ ਚੜ੍ਹੀ। ਜਿਸ ਵਿੱਚ ਇਕ ਦਰਜਨ ਤੋਂ ਵਧੇਰੇ ਸੰਸਥਾਵਾਂ, ਸਕੂਲਾਂ-ਕਾਲਜਾਂ ਅਤੇ ਤਕਨੀਕੀ ਕਾਲਜ ਵੀ ਸ਼ਾਮਿਲ ਹਨ।

ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਵੱਲੋਂ ਇਕ ਹੀ ਦਿਨ ਅਤੇ ਇਕ ਹੀ ਸਥਾਨ ਤੇ ਲਗਭਗ 13 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੱਖੀ ਲਹਿਰ ਨੂੰ ਪ੍ਰਚੰਡ ਕਰਨ ਵਿਚ ਨਵਾਂ ਮੀਲ ਪੱਥਰ ਲਾਇਆ ਗਿਆ।ਬਿਰਧ ਅਵਸਥਾ ਵਿਚ ਵੀ ਜਿਸ ਸਿਰੜ ਤੇ ਸਿਦਕ ਦਿਲੀ ਨਾਲ ਆਪ ਨੇ ਸੇਵਾ ਸਿਮਰਨ ਨੂੰ ਤੋੜ ਚੜਾਇਆ, ਉਸ ਨੂੰ ਸੰਗਤਾਂ ਹਮੇਸ਼ਾਂ ਯਾਦ ਰੱਖਣਗੀਆਂ।ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਰੱਬ ਦੇ ਪਿਆਰੇ ਸੱਚੇ ਨਾਮ ਨੂੰ ਜੀਵਨ ਦਾ ਅਧਾਰ ਬਣਾ ਕੇ 1 ਫਰਵਰੀ 2002 ਨੂੰ ਪ੍ਰਭੂ ਦੇ ਅਟੱਲ ਸੱਚ ਵਿਚ ਸਮਾ ਗਏ। ਉਹਨਾਂ ਦੇ ਪਵਿੱਤਰ ਸਰੀਰ ਨੂੰ ਸੰਗਤਾਂ ਦੇ ਅੰਤਮ ਦਰਸ਼ਨ ਲਈ ਨਾਨਕਸਰ ਕਲੇਰਾਂ ਵਿਖੇ ਰੱਖਿਆ ਗਿਆ। 


 

ਲੱਖਾਂ ਦੀ ਗਿਣਤੀ ਵਿਚ ਬਾਬਾ ਜੀ ਦੇ ਸੰਗੀਆਂ ਨੇ ਨਾਨਕਸਰ ਕਲੇਰਾਂ ਵਿਖੇ ਉਹਨਾਂ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। 3 ਫਰਵਰੀ ਨੂੰ ਉਹਨਾਂ ਦੇ ਪਵਿਤਰ ਸਰੀਰ ਨੁੰ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਸੁੰਦਰ ਪਾਲਕੀ ਵਿਚ ਸੁਸ਼ੋਭਤ ਕੀਤਾ। ਸਵੇਰੇ 9 ਵਜੇ ਨਾਨਕਸਰ ਵਿਖੇ ਰਵਾਨਗੀ ਲਈ ਸੰਤ ਬਾਬਾ ਭਜਨ ਸਿੰਘ ਜੀ ਨੇ ਵਿਰਾਗਮਈ ਅਰਦਾਸ ਕੀਤੀ। ਸੇਜਲ ਅੱਖਾਂ ਨਾਲ ਲੱਖਾਂ ਸੰਗਤਾਂ ਨੇ ਨਗਰ ਕੀਰਤਨ ਦੇ ਰੂਪ ਵਿਚ ਬਾਬਾ ਜੀ ਦੇ ਪਵਿਤਰ ਸਰੀਰ ਨੂੰ ਹਰੀਕੇ ਪੱਤਣ ਵਿਖੇ ਜਲ ਪ੍ਰਵਾਹ ਕਰ ਦਿੱਤਾ। ਬਾਬਾ ਕੁੰਦਨ ਸਿੰਘ ਜੀ ਦੇ ਜਨਮ ਦਿਨ ਮੌਕੇ ਉਹਨਾ ਦੇ ਅਸਥਾਨ ਠਾਠ ਨਾਨਕਸਰ ਨੂਰਵਾਲ ਲੁਧਿਆਣਾ ਵਿੱਖੇ ਬਾਬਾ ਜਸਵਿੰਦਰ ਸਿੰਘ ਜੀ ਨੀਲੀ ਤੇ ਸਮੂਹ ਸੰਗਤ ਪਿੰਡ ਨੂਰਵਾਲ ਜ਼ਿਲ੍ਹਾ ਲੁਧਿਆਣਾ ਵੱਲੋਂ ਬਹੁਤ ਵੱਡੀ ਪੱਧਰ ਦੇ ਗੁਰਮਤਿ ਸਮਾਗਮ ਹੋ ਰਹੇ ਹਨ। ਵਿਸ਼ੇਸ਼ ਤੌਰ 'ਤੇ ਤਖਤ ਸਾਹਿਬਾਨ ਦੇ ਜਥੇਦਾਰ ਤੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਹਾਜ਼ਰੀ ਭਰ ਸੰਗਤਾ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਹਨ।