Ludhiana News: ਪਿਛਲੇ ਕਈ ਦਿਨਾਂ ਤੋਂ ATM ਮਸ਼ੀਨ 'ਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਸੀ। ਇਹ ਸ਼ਾਤਿਰ ਚੋਰ ਕਾਰਡ ਬਦਲ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੰਦੇ ਸਨ ਅਤੇ ਖਾਤੇ 'ਚੋਂ ਪੈਸੇ ਕਢਵਾ ਲੈਂਦੇ ਸਨ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਨੌਸਰਬਾਜ਼ ਨੂੰ ਕਾਬੂ ਕੀਤਾ ਗਿਆ।


3 ਦਰਜਨ ਏਟੀਐੱਮ ਕਾਰਡ ਬਰਾਮਦ


ਪੁਲਿਸ ਨੇ ਆਰੋਪੀ ਕੋਲੋਂ ਵੱਖ-ਵੱਖ ਬੈਂਕਾਂ ਦੇ ਕਰੀਬ 3 ਦਰਜਨ ਏਟੀਐੱਮ ਕਾਰਡ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਰਜਿੰਦਰ ਕੁਮਾਰ ਰਾਜ ਵਾਸੀ ਗੋਬਿੰਦਸਰ ਨਗਰ ਡਾਬਾ ਰੋਡ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਦਾ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਪੁਲਿਸ ਨੇ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਕੀਤਾ ਕਾਬੂ


ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਏ.ਡੀ.ਸੀ.ਪੀ.-4 ਤੁਸ਼ਾਰ ਗੁਪਤਾ ਨੇ ਦੱਸਿਆ ਕਿ ਰਜਿੰਦਰ ਕੁਮਾਰ ਉਰਫ ਰਾਜ ਨੂੰ ਥਾਣਾ ਫੋਕਲ ਪੁਆਇੰਟ ਦੀ ਜੀਵਨ ਨਗਰ ਪੁਲਸ ਨੇ ਬੁੱਧਵਾਰ ਦੁਪਹਿਰ ਲੋਕਾਂ ਦੀ ਮਦਦ ਨਾਲ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਸਥਿਤ ਚੰਡੀਗੜ੍ਹ ਰੋਡ 'ਤੇ ਸਥਿਤ SBI ਬੈਂਕ ਦੇ ਏਟੀਐੱਮ 'ਚੋਂ ਪੈਸੇ ਕਢਵਾਉਣ ਆਏ ਜੀਵਨ ਨਗਰ ਗੁਰਬਾਗ ਕਾਲੋਨੀ ਦੇ ਰਹਿਣ ਵਾਲੇ ਰਾਜਾ ਬਾਬੂ ਤੋਂ ਏਟੀਐੱਮ ਕੈਬਿਨ 'ਚੋਂ ਕਾਰਡ ਬਦਲ ਕੇ ਉਸ ਨੂੰ ਦੂਜਾ ਕਾਰਡ ਦੇ ਕੇ ਭੱਜਣ ਲੱਗਾ ਸੀ। ਇਸ ਦੌਰਾਨ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ।


ਪੁਲਿਸ ਨੇ ਜਦੋਂ ਉਕਤ ਮੁਲਜ਼ਮ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਪਿਛਲੇ 8 ਮਹੀਨਿਆਂ 'ਚ ਡੇਢ ਦਰਜਨ ਦੇ ਕਰੀਬ ਲੋਕਾਂ ਨਾਲ ਠੱਗੀ ਮਾਰਨ ਦੀ ਗੱਲ ਕਬੂਲੀ। ਮੁਲਜ਼ਮ ਕੋਲੋਂ ਪੁਲਿਸ ਨੇ 34 ਦੇ ਕਰੀਬ ਵੱਖ-ਵੱਖ ਬੈਂਕਾਂ ਦੇ ATM ਕਾਰਡ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮ ਕੋਲੋਂ 16 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਆਈਪੀਐੱਸ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਸ਼ਹਿਰ ਦੇ ਕਈ ਥਾਣਿਆਂ ਵਿੱਚ ਚੋਰੀ ਅਤੇ ਧੋਖਾਧੜੀ ਦੇ 4 ਕੇਸ ਦਰਜ ਹਨ ਅਤੇ ਮੁਲਜ਼ਮ ਜ਼ਮਾਨਤ ’ਤੇ ਜੇਲ੍ਹ 'ਚੋਂ ਰਿਹਾਅ ਹੋ ਚੁੱਕਾ ਹੈ। ਮੁਲਜ਼ਮ ਜਲਦੀ ਅਮੀਰ ਹੋਣ ਲਈ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ