Ludhiana News: ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਵਿਚਾਲੇ ਜ਼ੁਬਾਨੀ ਜੰਗ ਤੋਂ ਇਲਾਵਾ ਟਵੀਟ ਵਾਰ ਵੀ ਚੱਲ ਰਹੀ ਹੈ। ਇਸ ਮੌਕੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੇ ਨਾਮਜ਼ਦਗੀ ਭਰੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪਾਇਆ ਪੋਸਟਰ ਸਾਂਝਾ ਕੀਤਾ ਹੈ ਜਿਸ ਉੱਤੇ ਲਿਖਿਆ, ਸਿਆਸੀ ਮੌਕਾਪ੍ਰਸਤੀ  ਦਾ ਸਿਖਰ


ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਿਆਸੀ ਮੌਕਾਪ੍ਰਸਤੀ ਦਾ ਸਿਖਰ, ਰਵਨੀਤ ਬਿੱਟੂ ਜੀ, ਜਦੋਂ ਤੁਸੀਂ ਬੇਅੰਤ ਸਿੰਘ ਜੀ ਦੀ ਤਸਵੀਰ ਨੂੰ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਵਰਤ ਕੇ ਸੋਚਿਆ ਕਿ ਤੁਹਾਨੂੰ ਵੋਟ ਮਿਲ ਜਾਣਗੇ ਤੇ ਇਸ ਤੋਂ ਬਾਅਦ  ਜਦੋਂ ਲੋਕ ਤੁਹਾਨੂੰ ਗੱਦਾਰ ਵਜੋਂ ਪਛਾਣਨ ਲੱਗ ਪਏ ਹਨ ਤਾਂ ਤੁਸੀਂ ਆਪਣੇ ਪੋਸਟਰਾਂ ਤੋਂ ਉਨ੍ਹਾਂ ਦੀ ਤਸਵੀਰ ਨੂੰ ਹਟਾ ਲਿਆ ਹੈ ? ਕੁਝ ਸ਼ਰਮ ਕਰੋ!






ਕਿਵੇਂ  ਸ਼ੁਰੂ ਹੋਇਆ ਪੋਸਟਰ ਵਿਵਾਦ


ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ  ਰਵਨੀਤ ਸਿੰਘ ਬਿੱਟੂ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ 'ਚ ਰਵਨੀਤ ਸਿੰਘ ਬਿੱਟੂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਵੀ ਤਸਵੀਰ ਸ਼ਾਮਲ ਕੀਤੀ ਗਈ ਸੀ।


ਇਸ ਤੋਂ ਬਾਅਦ ਰਾਜਾ ਵੜਿੰਗ ਨੇ ਤੰਜ ਕਸਦਿਆਂ ਕਿਹਾ ਸੀ ਕਿ  ਬਿੱਟੂ ਜੀ ਤੁਸੀਂ ਆਪ ਤਾਂ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜੱਗ ਜਾਹਰ ਕਰ ਦਿੱਤਾ ਹੈ ਪਰ ਸ.ਬੇਅੰਤ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ, ਉਹਨਾਂ ਨੂੰ ਤਾਂ ਬਦਨਾਮ ਨਾ ਕਰੋ। ਉਹਨਾਂ ਦੀ ਫੋਟੋ ਨੂੰ ਤੁਸੀਂ ਆਹ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ। ਅਕਲ ਨੂੰ ਹੱਥ ਮਾਰੋ 


ਇਸ ਦੇ ਜਵਾਬ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਸ਼ਹੀਦ ਪਾਰਟੀਆਂ ਤੋਂ ਉਪਰ ਹੁੰਦੇ ਹਨ। ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। PCC ਦੱਸੇ ਕਿ 25 ਸਾਲ ਵਿੱਚ ਚੋਣਾਂ ਜਾ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ?  ਚੰਡੀਗੜ੍ਹ ਕਾਂਗਰਸ ਭਵਨ ਸਾਹਮਣੇ ਤੋਂ ਬੇਅੰਤ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ?