Ludhiana News: ਖੰਨਾ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਖੰਨਾ 'ਚ ਨੈਸ਼ਨਲ ਹਾਈਵੇ 'ਤੇ ਸਥਿਤ ਬੱਸ ਸਟੈਂਡ ਦੇ ਸਾਹਮਣੇ ਪੁਲ 'ਤੇ ਤੇਲ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਗਈ ਹੈ। ਇਸ ਹਾਦਸੇ ਮਗਰੋਂ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।


 


ਹਾਸਲ ਜਾਣਕਾਰੀ ਮੁਤਾਬਕ ਖੰਨਾ ਨੈਸ਼ਨਲ ਹਾਈਵੇ 'ਤੇ ਅੱਗ ਦਾ ਤਾਂਡਵ ਵੇਖ ਦਹਿਸ਼ਤ ਫੈਲ ਗਈ। ਤੇਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗਿਆ ਹੈ। ਜਿੱਥੇ ਇਕ ਪਾਸੇ ਟਰਾਂਸਪੋਰਟਰਾਂ ਦੀ ਹੜਤਾਲ ਨੇ ਹਾਹਾਕਾਰ ਮਚਾਈ ਹੋਈ ਹੈ। ਇਸ ਦੌਰਾਨ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ ਨੇ ਤਰਥਲੀ ਮਚਾ ਦਿੱਤੀ ਹੈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਦੀ ਅਜੇ ਤਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ।


ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ 'ਤੇ ਅਗਜ਼ਨੀ ਦੀ ਵੱਡੀ ਘਟਨਾ ਵਾਪਰੀ ਹੈ। ਇੱਥੇ ਡੀਜ਼ਲ ਕਾਰਨ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ 100 ਮੀਟਰ ਦੂਰ ਤੱਕ ਫੈਲਦੀਆਂ ਦਿਖਾਈ ਦੇ ਰਹੀਆਂ ਸਨ।


ਅੱਗ ਨੂੰ ਦੇਖ ਕੇ ਲੋਕਾਂ ਨੇ ਆਪਣੇ ਵਾਹਨ ਰੋਕ ਲਏ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਹਾਦਸੇ ਦੀ ਸਥਿਤੀ ਨੂੰ ਦੇਖਦੇ ਹੋਏ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਨੂੰ ਸਰਵਿਸ ਲੇਨ ਤੋਂ ਲੰਘਣ ਦਿੱਤਾ ਗਿਆ। ਟੈਂਕਰ ਲੁਧਿਆਣਾ ਤੋਂ ਅੰਬਾਲਾ ਵੱਲ ਜਾ ਰਿਹਾ ਸੀ।


ਹਾਸਲ ਜਾਣਕਾਰੀ ਅਨੁਸਾਰ ਟਰੱਕ ਡਰਾਈਵਰਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਲੁਧਿਆਣਾ ਤੋਂ ਡੀਜ਼ਲ ਦਾ ਟੈਂਕਰ ਅੰਬਾਲਾ ਵੱਲ ਕਿਤੇ ਸਪਲਾਈ ਕਰਨ ਜਾ ਰਿਹਾ ਸੀ। ਖੰਨਾ ਦੇ ਅਮਲੋਹ ਰੋਡ ਚੌਕ ਨੇੜੇ ਪੁਲ 'ਤੇ ਪਤਾ ਨਹੀਂ ਕਿਵੇਂ ਟੈਂਕਰ ਨੂੰ ਅੱਗ ਲੱਗ ਗਈ। ਡਰਾਈਵਰ ਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਖੰਨਾ, ਮੰਡੀ ਗੋਬਿੰਦਗੜ੍ਹ ਤੋਂ ਫਾਇਰ ਟੈਂਡਰ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ।


ਅਗਜ਼ਨੀ ਦੀ ਵੱਡੀ ਘਟਨਾ ਨੂੰ ਦੇਖਦੇ ਹੋਏ ਐਸਐਸਪੀ ਅਮਨੀਤ ਕੌਂਡਲ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਡੀਐਸਪੀ ਰਾਜੇਸ਼ ਕੁਮਾਰ ਨੂੰ ਮੌਕੇ ’ਤੇ ਭੇਜਿਆ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਫਾਇਰ ਅਫ਼ਸਰ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਅੱਗ ’ਤੇ ਕਾਬੂ ਪਾ ਕੇ ਡੀਜ਼ਲ ਦਾ ਪ੍ਰਭਾਵ ਖ਼ਤਮ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸੜਕ ਨੂੰ ਖੋਲ੍ਹਿਆ ਜਾਵੇਗਾ।