Punjab Politcs: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਲੁਧਿਆਣਾ ਵਿੱਚ ਵੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਕਾਂਗਰਸ ਹਾਈਕਮਾਂਡ 'ਤੇ ਨਿਸ਼ਾਨਾ ਸਾਧਿਆ ਹੈ।
ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ਮੈਂ ਲੁਧਿਆਣਾ ਦੀਆਂ ਉਨ੍ਹਾਂ ਮਹਿਲਾਵਾਂ ਨੂੰ ਬੇਨਤੀ ਕਰਦਾਂ ਹਾਂ ਜੋ ਕਾਂਗਰਸ ਦੀਆਂ ਬੈਠਕਾਂ ਵਿੱਚ ਸੱਦੀਆਂ ਜਾਂਦੀਆਂ ਹਨ, ਉਹ ਅੰਮ੍ਰਿਤਾ ਤੋਂ ਪੁੱਛਣ, ਕੀ IPC ਦੀ ਧਾਰਾ 376 ਦੇ ਤਹਿਤ ਆਰੋਪੀ, ਜੋ ਹੁਣੇ-ਹੁਣੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ, ਉਹ ਵੀ ਜਨਸਭਾ ਦਾ ਹਿੱਸਾ ਹੋਣਗੇ। ਜੇ ਹਾਂ, ਤਾਂ ਕੀ ਤੁਸੀਂ ਲੁਧਿਆਣਾ ਦੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਓਗੇ? ਮਾਂ ਦਿਵਸ 'ਤੇ ਕਾਂਗਰਸ ਹਾਈਕਮਾਂਡ ਦੀ ਸ਼ਰਮਨਾਕ ਕਾਰਵਾਈ।
ਰਾਹੁਲ ਗਾਂਧੀ ਨੇ ਬੈਂਸ ਭਰਾਵਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ
ਦੱਸ ਦੇਈਏ ਕਿ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵੱਡੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਨਾਲ ਬੀਤੇ ਦਿਨੀਂ ਦਿੱਲੀ ਕਾਂਗਰਸ ਹਾਈ ਕਮਾਂਡ ਨਾਲ ਮੁਲਾਕਾਤ ਕੀਤੀ ਸੀ। ਦੋਵੇਂ ਭਰਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਦੋਵੇਂ ਭਰਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਵੀ ਕਰਨਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੈਂਸ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਭਾਜਪਾ ਵਿੱਚ ਬੈਂਸ ਨੂੰ ਟਿਕਟ ਦਾ ਮਜ਼ਬੂਤ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਸੀ ਪਰ ਭਾਜਪਾ ਹਾਈਕਮਾਂਡ ਨੇ ਜ਼ਿਲ੍ਹੇ ਦੇ ਕਿਸੇ ਵੀ ਸਥਾਨਕ ਆਗੂ ਨੂੰ ਟਿਕਟ ਦੇਣ ਦੀ ਬਜਾਏ ਕਾਂਗਰਸ ਤੋਂ ਪਾਸਾ ਵੱਟ ਚੁੱਕੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇ ਦਿੱਤੀ।