Punjab News: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਜ਼ਿਮਨੀ ਚੋਣ 19 ਜੂਨ 2025 ਨੂੰ ਹੋਵੇਗੀ, ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਕੀਤੀ ਜਾਵੇਗੀ।
ਜੀਵਨ ਗੁਪਤਾ, ਜੋ ਪਹਿਲਾਂ ਲੁਧਿਆਣਾ ਵਿੱਚ ਸਥਾਨਕ ਸਿਆਸਤ ਵਿੱਚ ਸਰਗਰਮ ਰਹੇ ਹਨ, ਨੂੰ ਭਾਜਪਾ ਨੇ ਇਸ ਮਹੱਤਵਪੂਰਨ ਸੀਟ 'ਤੇ ਮੁਕਾਬਲੇ ਲਈ ਚੁਣਿਆ ਹੈ। ਪਾਰਟੀ ਨੇ ਉਮੀਦ ਜਤਾਈ ਹੈ ਕਿ ਗੁਪਤਾ ਦੀ ਸਥਾਨਕ ਪਕੜ ਅਤੇ ਅਨੁਭਵ ਨਾਲ ਉਹ ਇਸ ਚੋਣ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨਗੇ।
ਇਸ ਚੋਣ ਵਿੱਚ ਭਾਜਪਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨਾਲ ਹੈ। ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ, ਅਤੇ ਨਾਮਜ਼ਦਗੀਆਂ 2 ਜੂਨ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ
ਆਪ ਦੇ ਉਮੀਦਵਾਰ ਨੇ ਭਰੇ ਕਾਗ਼ਜ਼
ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਉਪ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ 'ਆਪ' ਨੇ ਸ਼ਹਿਰ ਵਿੱਚ ਇੱਕ ਰੋਡ ਸ਼ੋਅ ਕੱਢਿਆ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੀ ਮੌਜੂਦ ਸਨ।
ਕਾਂਗਰਸ ਨੇ ਵੀ ਕੀਤਾ ਸ਼ਕਤੀ ਪ੍ਰਦਰਸ਼ਨ
ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰੇਂਦਰ ਸਿੰਘ ਰਾਜਾ ਵੜਿੰਗ, ਜਲੰਧਰ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਵੀ ਮੌਜੂਦ ਸਨ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ, ਭਾਰਤ ਭੂਸ਼ਣ ਆਸ਼ੂ ਨੇ ਫਿਰੋਜ਼ਪੁਰ ਰੋਡ 'ਤੇ ਸੰਧੂ ਟਾਵਰ ਸਥਿਤ ਆਪਣੇ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਫਿਰ ਵਰਕਰਾਂ ਦੀ ਭਾਰੀ ਭੀੜ ਨਾਲ ਡੀਸੀ ਦਫਤਰ ਪਹੁੰਚੇ। ਉਨ੍ਹਾਂ ਦੇ ਕਾਫਲੇ ਵਿੱਚ ਲਗਭਗ 200 ਤੋਂ 250 ਵਾਹਨ ਸਨ, ਜਿਸ ਕਾਰਨ ਫਿਰੋਜ਼ਪੁਰ ਰੋਡ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ।
ਪਰਉਪਕਾਰ ਸਿੰਘ ਘੁੰਮਣ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਉਨ੍ਹਾਂ ਨਾਲ ਮੌਜੂਦ ਸਨ। ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਵੀ ਉਨ੍ਹਾਂ ਦਾ ਸਮਰਥਨ ਕਰਦੀ ਦਿਖਾਈ ਦਿੱਤੀ।