Ludhiana News: ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਲ ਵਿਭਾਗ ਦੇ ਕਈ ਭ੍ਰਿਸ਼ਟ ਅਧਿਕਾਰੀਆਂ ਦੀ ਜਾਰੀ ਸੂਚੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੰਤਰੀ ਜਿੰਪਾ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਆਈਆਂ ਸਨ ਜਿਸ ਦੇ ਆਧਾਰ 'ਤੇ ਵਿਜੀਲੈਂਸ ਨੇ ਮੁੱਢਲੀ ਜਾਂਚ 'ਚ ਇਨ੍ਹਾਂ ਦੇ ਨਾਵਾਂ ਦੀ ਸੂਚੀ ਬਣਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਸ ਨੂੰ ਮਜ਼ਬੂਤ ਕਰਨ ਲਈ ਸ਼ਿਕਾਇਤਾਂ ਦੇ ਨਾਲ-ਨਾਲ ਸਬੂਤ ਵੀ ਜ਼ਰੂਰੀ ਹੁੰਦੇ ਹਨ। ਹੁਣ ਵਿਜੀਲੈਂਸ ਸਬੂਤ ਇਕੱਠੇ ਕਰ ਰਹੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਆਪਣੀ ਲੜਾਈ ਦੇ ਬਜਾਏ ਗੁਰਬਾਣੀ 'ਤੇ ਕਰਨਾ ਚਾਹੀਦਾ ਹੈ ਅਮਲ
ਇਸ ਤੋਂ ਇਲਾਵਾ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਸਬੰਧੀ ਦਿੱਤੇ ਬਿਆਨ 'ਤੇ ਜਿੰਪਾ ਨੇ ਕਿਹਾ ਕਿ ਜਥੇਦਾਰਾਂ ਨੂੰ ਆਪਸੀ ਲੜਾਈ ਦੀ ਬਜਾਏ ਗੁਰਬਾਣੀ 'ਤੇ ਅਮਲ ਕਰਨਾ ਚਾਹੀਦਾ ਤਾਂ ਚੰਗਾ ਹੋਵੇਗਾ। ਹੁਕਮਨਾਮਾ ਸਾਰਿਆਂ ਲਈ ਇੱਕ ਹੈ। ਜਥੇਦਾਰਾਂ ਨੂੰ ਵੀ ਗੁਰੂ ਸਾਹਿਬ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ।
ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਸਿੱਖ ਸੰਗਤ ਖ਼ੁਸ਼
ਪੰਜਾਬ ਸਰਕਾਰ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਪਾਸ ਕੀਤੇ ਮਤੇ ਵਿਰੁੱਧ ਸ਼੍ਰੋਮਣੀ ਕਮੇਟੀ ਦੇ ਵਫ਼ਦ ਦੀ ਰਾਜਪਾਲ ਨਾਲ ਮੁਲਾਕਾਤ ਸਬੰਧੀ ਮੰਤਰੀ ਜਿੰਪਾ ਨੇ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਸਰਕਾਰ ਦੇ ਇਸ ਕਦਮ ਤੋਂ ਬਹੁਤ ਖੁਸ਼ ਹੈ। ਗੁਰਬਾਣੀ ਦਾ ਪ੍ਰਸਾਰਣ ਬਿਲਕੁਲ ਮੁਫਤ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸਿਆਸਤ ਦੀ ਬਜਾਏ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ ਤਾਂ ਉਨ੍ਹਾਂ ਦਾ ਲੋਕਾਂ 'ਚ ਵਜੂਦ ਬਣਿਆ ਰਹੇਗਾ।
ਦਾੜ੍ਹੀ ਵਾਲੇ ਬਿਆਨ ਉੱਤੇ ਮੰਤਰੀ ਦੀ ਸਫ਼ਾਈ
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਰੋਧੀ ਇਸ ਮਾਮਲੇ ਨੂੰ ਜਾਣਬੁੱਝ ਕੇ ਉਛਾਲ ਰਹੇ ਹਨ। ਮੁੱਖ ਮੰਤਰੀ ਦੇ ਕਹਿਣ ਦਾ ਸਿਰਫ ਇੰਨਾ ਮਤਲਬ ਸੀ ਕਿ ਇਨਸਾਨ ਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਅੰਤਰ ਆਤਮਾ ਨੂੰ ਸਾਫ਼ ਰੱਖਣਾ ਚਾਹੀਦਾ ਹੈ।
ਸਭ ਤੋਂ ਬਦਨਾਮ ਵਿਭਾਗ ਰਿਹਾ ਹੈ ਮਾਲ ਵਿਭਾਗ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਪਿਛਲੇ 30-35 ਸਾਲਾਂ ਤੋਂ ਮਾਲ ਵਿਭਾਗ ਸਭ ਤੋਂ ਵੱਧ ਬਦਨਾਮ ਰਿਹਾ। ਇਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਚਰਮ ਸੀਮਾ ਤੱਕ ਪਹੁੰਚ ਗਿਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਵਿਭਾਗ ਵਿੱਚ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਨਿੱਤ ਨਵੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਮਾਲ ਵਿਭਾਗ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਗਿਆ। ਇਸ ਨੰਬਰ 'ਤੇ ਹੁਣ ਤੱਕ 1200 ਦੇ ਕਰੀਬ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਨੰਬਰ ਦਾ ਹੀ ਨਤੀਜਾ ਹੈ ਕਿ ਮਾਲ ਮਹਿਕਮੇ ਦੇ ਭ੍ਰਿਸ਼ਟ ਅਧਿਕਾਰੀਆਂ ਦੇ ਨਾਂ ਪੋਟਲੀ ਵਿੱਚੋਂ ਬਾਹਰ ਨਿਕਲੇ ਹਨ।
ਖੰਨਾ ਨੂੰ ਜ਼ਿਲ੍ਹਾ ਬਣਾਉਣਾ ਬਾਰੇ ਕੀ ਕਿਹਾ
ਕੈਬਨਿਟ ਮੰਤਰੀ ਜ਼ਿੰਪਾ ਨੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨਾਲ ਖੰਨਾ ਨੂੰ ਜ਼ਿਲ੍ਹਾ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਮੰਤਰੀ ਨੇ ਕਿਹਾ ਕਿ ਵਿਧਾਇਕ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਵੀ ਉਠਾਇਆ ਸੀ। ਸਰਕਾਰੀ ਨੁਮਾਇੰਦੇ ਇਸ ਬਾਰੇ ਵਿਚਾਰ ਕਰ ਰਹੇ ਹਨ। ਜ਼ਿਲ੍ਹਾ ਬਣਾਉਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਅਮਲੀਜਾਮਾ ਪਹਿਨਾਉਣ ਦੇ ਯਤਨ ਕੀਤੇ ਜਾਣਗੇ।