Ludhiana News: ਖੰਨਾ ਵਿੱਚ ਲੌਕਡਾਊਨ ਦੌਰਾਨ ਪਿੰਡ ਬਾਹੋਮਾਜਰਾ ਵਿੱਚ ਫੜ੍ਹੀ ਗਈ ਨਜਾਇਜ਼ ਸ਼ਰਾਬ ਦੀ ਫ਼ੈਕਟਰੀ ਦਾ ਮੁੱਦਾ ਹੁਣ ਮੁੜ ਤੋਂ ਭਖ ਗਿਆ ਹੈ। ਇਸ ਮਾਮਲੇ ਵਿੱਚ ਹੁਣ ਵਿਧਾਇਕ ਤੇ ਸਾਬਕਾ ਮੰਤਰੀ ਆਹਮੋ-ਸਾਹਮਣੇ ਹੋ ਗਏ ਹਨ।


ਜ਼ਿਕਰ ਕਰ ਦਈਏ ਕਿ ਅਪ੍ਰੈਲ 2020 'ਚ ਇਹ ਸ਼ਰਾਬ ਫੈਕਟਰੀ ਫੜੀ ਗਈ ਸੀ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀ। ਇਸ ਫੈਕਟਰੀ ਦੇ ਫੜ੍ਹੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕਾਂਗਰਸ ਸਰਕਾਰ ਨੂੰ ਲਗਾਤਾਰ ਨਿਸ਼ਾਨੇ ਉੱਤੇ ਲਿਆ ਸੀ। ਇਸ ਦਾ ਨਤੀਜਾ ਵੀ ਕਾਂਗਰਸ ਨੂੰ ਵਿਧਾਨ ਸਭਾ ਸੀਟਾਂ ਉੱਤੇ ਭੁਗਤਣ ਪਿਆ ਸੀ।


ਗੁਰਕੀਰਤ ਕੋਟਲੀ ਲੋਕਾਂ ਸਾਹਮਣੇ ਮੰਗੇ ਮੁਆਫ਼ੀ-ਸੌਂਧ


ਹੁਣ ਇੱਕ ਵਾਰ ਮੁੜ ਤੋਂ ਡੇਢ ਸਾਲ ਬਾਅਦ ਇਸ ਫੈਕਟਰੀ ਦਾ ਮੁੱਦਾ ਭਖਿਆ ਹੈ। ਇਸ ਗੈਰ-ਕਾਨੂੰਨੀ ਸ਼ਰਾਬ ਫੈਕਟਰੀ ਦੀ ਐਂਟਰੀ ਹੜ੍ਹਾਂ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ ਵਿਚਾਲੇ ਹੋਈ। ਖੰਨਾ ਤੋਂ ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਇਸ ਸ਼ਰਾਬ ਫੈਕਟਰੀ ਲਈ ਤਤਕਾਲੀ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਇਸ ਦੇ ਲਈ ਸਾਬਕਾ ਮੰਤਰੀ ਕੋਟਲੀ ਨੂੰ ਜਨਤਕ ਤੌਰ 'ਤੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ। ਇਸ ਨਾਲ ਹੀ ਦਾਅਵਾ ਕੀਤਾ ਕਿ ਆਪ ਸਰਕਾਰ ਵਿੱਚ ਇਸ ਫੈਕਟਰੀ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਬਖਸ਼ੇ ਨਹੀਂ ਜਾਣਗੇ। 


ਆਪ ਕੋਈ ਕੰਮ ਨਹੀਂ ਕੀਤਾ ਤੇ ਹੁਣ ਬਦਨਾਮ ਕਰ ਰਹੇ-ਕੋਟਲੀ


ਦੂਜੇ ਪਾਸੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ। ਕੋਟਲੀ ਨੇ ਕਿਹਾ ਕਿ ਆਪ ਸਰਕਾਰ ਨੇ ਡੇਢ ਸਾਲ 'ਚ ਸ਼ਰਾਬ ਫੈਕਟਰੀ ਦੀ ਮੁੜ ਜਾਂਚ ਕਿਉਂ ਨਹੀਂ ਕਰਵਾਈ। ਇਸ ਮੁੱਦੇ 'ਤੇ ਕਾਂਗਰਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰ ਨੇ ਇਸ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ। ਹੁਣ ਡੇਢ ਸਾਲ ਵਿੱਚ ਵਿਧਾਇਕ ਸੌਂਧ ਵਿਕਾਸ ਕਰਨ ਵਿੱਚ ਨਾਕਾਮ ਸਾਬਤ ਹੋ ਰਹੇ ਹਨ ਤੇ ਲੋਕਾਂ ਦਾ ਧਿਆਨ ਭੜਕਾਉਣ ਲਈ ਬਲੇਮ ਗੇਮ ਖੇਡੀ ਜਾ ਰਹੀ ਹੈ।


ਮੁੱਖ ਮੰਤਰੀ ਤੇ ਰਾਜਪਾਲ ਨੂੰ ਮਿਲੇਗਾ ਕਾਂਗਰਸ ਦਾ ਵਫ਼ਦ


ਗੁਰਕੀਰਤ ਕੋਟਲੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਬਹੁਤ ਜਲਦ ਕਾਂਗਰਸ ਦਾ ਵਫ਼ਦ ਸੀਐਮ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ। ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਨਾਜਾਇਜ਼ ਸ਼ਰਾਬ ਫੈਕਟਰੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਵੀ ਦੋਸ਼ੀ ਹਨ ਉਹਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।