Ludhiana news: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉੱਥੇ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 


ਉਨ੍ਹਾਂ ਨੇ ਐਕਸ ‘ਤੇ ਟਵੀਟ ਕਰਕੇ ਰਵਨੀਤ ਬਿੱਟੂ ਨੂੰ ਪਹਿਲਾਂ ਤਾਂ ਵਧਾਈ ਦਿੱਤੀ ਹੈ, ਫਿਰ ਕਿਹਾ ਕਿ ਬਿੱਟੂ ਤਾਂ ਮੇਰਾ ਭਰਾ ਹੈ, ਹੁਣ ਉਸ ਨੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਪਰ ਜਿੱਥੇ ਇਹ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ, ਤਾਂ ਉੱਥੇ ਹੀ ਰਵਨੀਤ ਬਿੱਟੂ ਨੂੰ ਵੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਪਛਾਣ ਸੰਸਦ ਮੈਂਬਰ ਦੇ ਤੌਰ ‘ਤੇ ਘੱਟ ਸੀ ਸਗੋਂ ਕਾਂਗਰਸੀ ਵਜੋਂ ਜ਼ਿਆਦਾ ਸੀ।


ਇਹ ਵੀ ਪੜ੍ਹੋ: Bengaluru water crisis: ਬੈਂਗਲੁਰੂ ‘ਚ ਬੂੰਦ-ਬੂੰਦ ਨੂੰ ਤਰਸੇ ਲੋਕ, ਵਰਕ ਫਰਾਮ ਹੋਮ ਦੀ ਵਧੀ ਡਿਮਾਂਡ


ਜ਼ਿਕਰ ਕਰ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਭਾਜਪਾ ਦਾ ਪੱਲਾ ਫੜ ਲਿਆ ਹੈ। ਰਵਨੀਤ ਬਿੱਟੂ ਦੀ ਕਾਂਗਰਸ ਵਿੱਚ ਇੱਕ ਵੱਖਰੀ ਪਛਾਣ ਸੀ, ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਉਹ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਚੋਣ ਜਿੱਤ ਚੁੱਕੇ ਹਨ। 






ਰਵਨੀਤ ਬਿੱਟੂ ਨੇ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋਣ ਦਾ ਦੱਸਿਆ ਕਾਰਨ


ਭਾਜਪਾ 'ਚ ਸ਼ਾਮਲ ਹੋਣ ਦੇ ਕਾਰਨਾਂ ਬਾਰੇ ਦੱਸਦੇ ਹੋਏ ਰਵਨੀਤ ਸਿੰਘ ਨੇ ਕਿਹਾ, ''ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਮੇਰਾ ਡੂੰਘਾ ਰਿਸ਼ਤਾ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਜੀ, ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ। ਮੈਂ ਸਿਰਫ ਇੱਕ ਗੱਲ ਕਹਾਂਗਾ ਕਿ ਮੈਂ ਇੱਕ ਸ਼ਹੀਦ ਪਰਿਵਾਰ ਵਿੱਚੋਂ ਹਾਂ।


ਮੇਰੇ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਸਨ। ਪੰਜਾਬ ਨੇ ਹਨੇਰੇ ਦਾ ਸਮਾਂ ਦੇਖਿਆ ਹੈ ਅਤੇ ਇਹ ਵੀ ਦੇਖਿਆ ਹੈ ਕਿ ਇਸ ਨੂੰ ਕਿਵੇਂ ਠੀਕ ਕਰਨਾ ਹੈ। ਪੀਐਮ ਮੋਦੀ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਾਕੀ ਰਾਜ ਤਰੱਕੀ ਕਰ ਗਏ ਹਨ  ਪਰ ਪੰਜਾਬ ਵਿੱਚ ਇੱਕ ਪਾੜਾ ਰਹਿ ਗਿਆ ਹੈ ਜਿੱਥੇ ਇੱਕ ਪੁਲ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ 'ਚ ਹੋਏ ਸ਼ਾਮਲ