Ludhiana News:  ਜਿਵੇਂ ਕਿ ਸਭ ਜਾਣਦੇ ਹੀ ਨੇ ਕੁੱਝ ਦਿਨ ਪਹਿਲਾਂ ਹੀ ਪੰਜਾਬ ਬੋਰਡ ਦਾ 12ਵੀਂ ਜਮਾਤ ਦੇ ਨਤੀਜੇ ਆਏ ਹਨ। ਜਿਹੜੇ ਬੱਚਿਆਂ ਦੇ ਸ਼ਾਨਦਾਰ ਨਤੀਜੇ ਰਹੇ ਉਨ੍ਹਾਂ ਨੂੰ ਪੰਜਾਬ ਭਰ ਤੋਂ ਹੱਲੇਸ਼ਾਰੀ ਦੇ ਸੁਨੇਹੇ ਦਿੱਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Sakshi Sawhney) ਵੱਲੋਂ ਆਪਣੇ ਦਫ਼ਤਰ ਵਿੱਚ ਲੁਧਿਆਣਾ ਦੇ 12ਵੀਂ ਜਮਾਤ ਦੇ ਪੰਜ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਸਮੇਤ ਪੰਜਾਬ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿੱਚ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਤੋਂ ਏਕਮਪ੍ਰੀਤ ਸਿੰਘ (ਪੰਜਾਬ ਦਾ ਪਹਿਲਾ ਰੈਂਕ ਧਾਰਕ), ਚੇਤਨਾ ਰਾਣੀ ਨਾਇਕ (ਦੂਜਾ ਰੈਂਕ), ਫਰਲੀਨ ਕੌਰ, ਸਨੇਹਾ ਵਰਮਾ (ਦੋਵੇਂ ਚੌਥਾ ਰੈਂਕ ਧਾਰਕ) (ਤਿੰਨੋ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਤੋਂ ਆਂਚਲ ਜਿੰਦਲ (ਛੇਵਾਂ ਰੈਂਕ ਧਾਰਕ) ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।



ਹੱਲੇਸ਼ਾਰੀ ਦਿੰਦੇ ਹੋਏ ਵੰਡੇ ਗਏ ਪ੍ਰਸ਼ੰਸਾ ਪੱਤਰ


ਸਨਮਾਨ ਸਮਾਰੋਹ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਲਈ ਵੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਉਚੇਚੇ ਟੀਚੇ ਰੱਖਣ ਅਤੇ ਆਪਣੇ ਟੀਚਿਆਂ 'ਤੇ ਕੇਂਦਰਿਤ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਅਸਫਲਤਾਵਾਂ ਤੋਂ ਨਿਰਾਸ਼ ਨਾ ਹੋਣ ਕਿਉਂਕਿ ਉਹ ਸਫਲਤਾ ਦੇ ਥੰਮ੍ਹ ਹਨ।


 






ਵੋਟਿੰਗ ਕਰਨ ਯੋਗ ਵਿਦਿਆਰਥੀਆਂ ਨੂੰ ਵੋਟ ਕਰਨ ਲਈ ਪ੍ਰੇਰਿਆ


ਡਿਪਟੀ ਕਮਿਸ਼ਨਰ ਨੇ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ 1 ਜੂਨ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟਿੰਗ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਭਵਿੱਖ ਦੇ ਯਤਨਾਂ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।


ਗੱਲਬਾਤ ਦੌਰਾਨ, ਵਿਦਿਆਰਥੀਆਂ ਨੇ ਆਪਣੀ ਦਿਲਚਸਪੀ ਦੇ ਖੇਤਰਾਂ, ਸ਼ਕਤੀਆਂ ਅਤੇ ਮੁਸ਼ਕਿਲਾਂ ਨੂੰ ਸਾਂਝਾ ਕੀਤਾ। ਉਨ੍ਹਾਂ ਅਕਾਦਮਿਕ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪੂਰਾ ਕਰਨ ਲਈ ਆਪਣੀ ਪਹੁੰਚ ਬਾਰੇ ਵੀ ਚਰਚਾ ਕੀਤੀ।