Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਾਸੀ ਅਮਨਦੀਪ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਕਾਰ ਵਿੱਚੋਂ ਮਿਲੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮੌਤ ਦੀ ਖਬਰ ਖੰਨਾ 'ਚ ਪਰਿਵਾਰ ਨੂੰ ਮਿਲਣ ਉੱਤੇ ਮਾਤਮ ਛਾਅ ਗਿਆ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅਮਨਦੀਪ ਸਿੰਘ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਖੁਸ਼ੀਆਂ ਬਦਲ ਗਈਆਂ ਮਾਤਮ 'ਚ
ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਜਸਪਾਲ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ 7 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਐਮਾਜ਼ੋਨ ਦੇ ਇੱਕ ਸ਼ੋਅਰੂਮ ਵਿੱਚ ਸਿਕਓਰਿਟੀ ਗਾਰਡ (security guard) ਵਜੋਂ ਕੰਮ ਕਰਦਾ ਸੀ। ਅਮਨਦੀਪ ਸਿੰਘ ਨੇ 7 ਸਾਲ ਬਾਅਦ ਦੀਵਾਲੀ 'ਤੇ ਆਉਣਾ ਸੀ। ਉਸ ਲਈ ਕੁੜੀ ਲੱਭਣੀ ਸੀ। ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਇਹ ਖੁਸ਼ੀਆਂ ਮਾਤਮ 'ਚ ਬਦਲ ਗਈਆਂ।
ਲਾਸ਼ ਭਾਰਤ ਲਿਆਉਣ ਲਈ ਮੰਗੀ ਮਦਦ
ਮ੍ਰਿਤਕ ਅਮਨਦੀਪ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਰਹਿੰਦੇ ਉਸ ਦੇ ਦੋਸਤ ਮਦਦ ਕਰ ਰਹੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਮਨਦੀਪ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।
ਅਮਨਦੀਪ ਸਿੰਘ ਅਕਸਰ ਆਪਣੀ ਮਾਂ ਨੂੰ ਕਹਿੰਦਾ ਸੀ ਕਿ 'ਮੈਂ ਤੈਨੂੰ ਆਪਣੇ ਕੋਲ ਰੱਖਾਂਗਾ।' ਉਹ ਆਪਣੀ ਮਾਂ ਦੇ ਵੀਜ਼ੇ ਲਈ ਕਾਗਜ਼ ਪੂਰੇ ਕਰ ਰਿਹਾ ਸੀ ਪਰ ਉਸ ਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਗਏ। ਮਾਂ ਇਹ ਕਹਿ ਕੇ ਬੇਹੋਸ਼ ਹੋ ਗਈ ਕਿ ਅਮਨਦੀਪ ਨੇ ਉਸ ਨੂੰ ਨਾਲ ਰੱਖਣ ਦਾ ਵਾਅਦਾ ਕਰ ਕੇ ਛੱਡ ਕੇ ਚੱਲਾ ਗਿਆ, 7 ਸਾਲਾਂ ਤੋਂ ਉਸ ਨੂੰ ਦੇਖਿਆ ਤੱਕ ਨਹੀਂ ਸੀ।
ਅਮਨਦੀਪ ਨਾਲ ਆਖਰੀ ਵਾਰ ਗੱਲ ਨਹੀਂ ਕਰ ਸਕਿਆ ਪਰਿਵਾਰ
ਅਮਨਦੀਪ ਆਪਣੀ ਮਾਂ ਅਤੇ ਭਰਾ ਨਾਲ ਆਖਰੀ ਵਾਰ ਗੱਲ ਨਹੀਂ ਕਰ ਸਕਿਆ। ਰਾਤ ਨੂੰ ਫੋਨ ਆਇਆ ਪਰ ਦੇਰ ਰਾਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਾ। ਫ਼ੋਨ ਨਹੀਂ ਚੁੱਕਿਆ ਜਾ ਸਕਿਆ। ਉਹ ਸਵੇਰੇ ਵੀ ਵਾਰ-ਵਾਰ ਫੋਨ ਕਰਦਾ ਰਿਹਾ ਪਰ ਕਿਸੇ ਨੇ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਅਮਨਦੀਪ ਦੀ ਲਾਸ਼ ਕਾਰ 'ਚੋਂ ਮਿਲੀ ਹੈ।