Punjab News: ਲੁਧਿਆਣਾ ਦੇ ਮਸ਼ਹੂਰ ਹੋਟਲ ਪਾਰਕ ਪਲਾਜ਼ਾ ਵਿੱਚ ਬਣੇ ਜਿੰਮ ਵਿੱਚ ਕਸਰਤ ਕਰਨ ਆਏ ਡੀਐਸਪੀ ਮਾਲੇਰਕੋਟਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਡੀਐਸਪੀ ਮਲੇਰਕੋਟਲਾ ਦਿਲਪ੍ਰੀਤ ਸਿੰਘ ਦਾ ਕੁਝ ਸਮਾਂ ਪਹਿਲਾਂ ਲੁਧਿਆਣਾ ਤੋਂ ਤਬਾਦਲਾ ਕੀਤਾ ਗਿਆ ਹੈ। ਇਨ੍ਹੀਂ ਦਿਨੀਂ ਉਹ ਖਨੌਰੀ ਬਾਰਡਰ 'ਤੇ ਤਾਇਨਾਤ ਸੀ।
ਡੀਐਸਪੀ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਪੋਸਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਕੱਲ੍ਹ ਅਸੀਂ ਆਪਣੇ ਬਹਾਦਰ ਡੀਐਸਪੀ ਦਿਲਪ੍ਰੀਤ ਸਿੰਘ ਨੂੰ ਗੁਆ ਦਿੱਤਾ, ਜੋ ਕਿ ਸੰਗਰੂਰ ਦੇ ਖਨੌਰੀ ਬਾਰਡਰ 'ਤੇ ਡਿਊਟੀ 'ਤੇ ਸਨ। ਦਿਲਪ੍ਰੀਤ ਨੇ 31 ਸਾਲ ਤੋਂ ਵੱਧ ਸਮੇਂ ਤੱਕ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹੈ।
ਡੀਜੀਪੀ ਦੇ ਟਵੀਟ ਉੱਤੇ ਪ੍ਰਤੀਕਿਆ ਦਿੰਦਿਆਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਸੀਂ DSP ਦਿਲਪ੍ਰੀਤ ਸਿੰਘ ਦੇ ਦੇਹਾਂਤ 'ਤੇ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਪਰ ਡੀਐਸਪੀ ਦੀ ਮੌਤ ਖਨੌਰੀ ਬਾਰਡਰ ਉੱਤੇ ਨਹੀਂ ਸਗੋਂ ਲੁਧਿਆਣਾ ਦੇ ਇੱਕ ਜਿੰਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ
ਜਾਣਕਾਰੀ ਅਨੁਸਾਰ ਡੀਐਸਪੀ ਦਿਲਪ੍ਰੀਤ ਸਿੰਘ ਇਸ ਸਮੇਂ ਮਾਲੇਰਕੋਟਲਾ ਵਿੱਚ ਤਾਇਨਾਤ ਸਨ। ਉਨ੍ਹਾਂ ਦਾ ਘਰ ਲੁਧਿਆਣਾ ਦੀ ਪੁਲਿਸ ਲਾਈਨ ਵਿੱਚ ਸੀ। ਉਹ ਅਕਸਰ ਲੁਧਿਆਣਾ ਆਪਣੇ ਘਰ ਆਉਂਦੇ ਸੀ। ਜਿੰਮ ਦਾ ਸ਼ੌਕੀਨ ਡੀਐਸਪੀ ਦਿਲਪ੍ਰੀਤ ਸਿੰਘ ਪਾਰਕ ਪਲਾਜ਼ਾ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਜਾਂਦੇ ਸੀ। ਕਸਰਤ ਦੌਰਾਨ ਅਚਾਨਕ ਉਸ ਦੀ ਛਾਤੀ 'ਚ ਦਰਦ ਹੋਣ ਲੱਗਾ ਅਤੇ ਉਹ ਉੱਥੇ ਹੀ ਡਿੱਗ ਪਿਆ। ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।