Chandigarh News: ਸ਼ਰਾਬ ਦੇ ਠੇਕੇਦਾਰ ਚੰਡੀਗੜ੍ਹ ਵਿੱਚ ਕਾਰੋਬਾਰ ਕਰਨ ਤੋਂ ਕਤਰਾਉਣ ਲੱਗੇ ਹਨ। ਹੁਣ ਯੂਟੀ ਤੇ ਨਾਲ ਲੱਗਦੇ ਰਾਜਾਂ ਪੰਜਾਬ ਤੇ ਹਰਿਆਣਾ ਵਿੱਚ ਸ਼ਰਾਬ ਦਾ ਰੇਟਾਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਰਿਹਾ। ਇਸ ਲਈ ਠੇਕੇਦਾਰਾਂ ਨੂੰ ਚੰਡੀਗੜ੍ਹ ਸ਼ਰਾਬ ਦੇ ਠੇਕੇ ਲੈਣਾ ਮੁਨਾਫੇ ਦਾ ਸੌਦਾ ਨਜ਼ਰ ਨਹੀਂ ਆ ਰਿਹਾ।



ਦੱਸ ਦਈਏ ਕਿ ਪੰਜਾਬ ਵਿੱਚ ਸ਼ਰਾਬ ਦਾ ਖੁੱਲ੍ਹਾ ਕੋਟਾ ਹੈ ਪਰ ਚੰਡੀਗੜ੍ਹ ਵਿੱਚ ਇੱਕ ਸਾਲ ਲਈ 18 ਲੱਖ ਸ਼ਰਾਬ ਦੀਆਂ ਪੇਟੀਆਂ ਦਾ ਸ਼ਰਾਬ ਦਾ ਕੋਟਾ ਤੈਅ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਤੇ ਪੰਚਕੂਲਾ ਵਿੱਚ ਕੀਮਤਾਂ ਚੰਡੀਗੜ੍ਹ ਦੇ ਬਰਾਬਰ ਹਨ ਜਦੋਂ ਕਿ ਪਹਿਲਾਂ ਇੱਥੇ ਸ਼ਰਾਬ ਸਸਤੀ ਹੁੰਦੀ ਸੀ। ਇਸ ਲਈ ਠੇਕੇਦਾਰ ਖੁਸ਼ ਨਹੀਂ ਹਨ।



ਦੱਸ ਦਈਏ ਕਿ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਹੋਈ ਪਰ ਨਿਲਾਮੀ ਲਈ ਖਰੀਦਦਾਰ ਹੀ ਨਹੀਂ ਮਿਲੇ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਦੇ 95 ਸ਼ਰਾਬ ਠੇਕਿਆਂ ਦੀ ਨਿਲਾਮੀ ਕੀਤੀ ਗਈ ਪਰ 50 ਫੀਸਦੀ ਠੇਕਿਆਂ ਨੂੰ ਲੈਣ ਲਈ ਕੋਈ ਵੀ ਨਹੀਂ ਪੁੱਜਾ। ਇਸ ਤਰ੍ਹਾਂ 95 ਵਿੱਚੋਂ ਸਿਰਫ਼ 43 ਠੇਕੇ ਹੀ ਨਿਲਾਮ ਹੋ ਸਕੇ ਜਦੋਂਕਿ ਰਹਿੰਦੇ ਠੇਕਿਆਂ ਲਈ ਮੁੜ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।



ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਨਿਲਾਮ ਕੀਤੇ ਗਏ ਕੁੱਲ 43 ਠੇਕਿਆਂ ਲਈ ਰਾਖਵੀਂ ਕੀਮਤ 202 ਕਰੋੜ ਰੁਪਏ ਰੱਖੀ ਗਈ ਸੀ ਪਰ ਵਿਭਾਗ ਨੇ ਇਨ੍ਹਾਂ 43 ਠੇਕਿਆਂ ਨੂੰ ਨਿਲਾਮ ਕਰ ਕੇ 221 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ ਯੂਟੀ ਨੇ ਪਹਿਲੇ ਗੇੜ ਵਿੱਚ 72 ਸ਼ਰਾਬ ਦੇ ਠੇਕਿਆਂ ਨੂੰ ਨਿਲਾਮ ਕਰਕੇ 420 ਕਰੋੜ ਰੁਪਏ ਕਮਾਏ ਸਨ। ਉਸ ਸਮੇਂ ਇਨ੍ਹਾਂ ਠੇਕਿਆਂ ਦੀ ਰਾਖਵੀਂ ਕੀਮਤ 344 ਕਰੋੜ ਰੁਪਏ ਰੱਖੀ ਗਈ ਸੀ।