Ludhiana News: ਲੁਧਿਆਣਾ ਦੇ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਵਿੱਚ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੰਗਰਾਦ ਦੇ ਦਿਹਾੜੇ ‘ਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਨਿਸ਼ਾਨ ਸਾਹਿਬ ਦਾ ਪਾਈਪ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ 4 ਲੋਕਾਂ ਨੂੰ ਕਰੰਟ ਲੱਗ ਗਿਆ।

 ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 3 ਹੋਰ ਜ਼ਖਮੀਆਂ ਨੂੰ CMC ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਰਣਵੀਰ ਸਿੰਘ, ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਢੱਲ ਸ਼ਾਮਲ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਵਿਧਾਇਕ ਅਸ਼ੋਕ ਪਰਾਸ਼ਰ ਵੀ ਸੀਐਮਸੀ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ ਪੁੱਛਿਆ।

 ਮ੍ਰਿਤਕ ਅਸ਼ੋਕ ਕੁਮਾਰ ਦੇ ਭਤੀਜੇ ਟਿੰਕੂ ਨੇ ਦੱਸਿਆ ਕਿ ਉਸਦੇ ਚਾਚਾ ਅਕਸਰ ਧਾਰਮਿਕ ਸਥਾਨਾਂ 'ਤੇ ਸੇਵਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵਿਆਹ ਨਹੀਂ ਕਰਵਾਇਆ। ਉਹ ਅਕਸਰ ਖਾਟੂ ਸ਼ਿਆਮ ਮੰਦਰ ਜਾਂ ਗੁਰੂਦੁਆਰਾ ਸਾਹਿਬ ਵਿੱਚ ਸੇਵਾ ਕਰਨ ਆਉਂਦੇ ਸੀ। ਅੱਜ ਗੁਰੂਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਬਦਲਣ ਵੇਲੇ ਅਚਾਨਕ ਹਾਦਸਾ ਵਾਪਰ ਗਿਆ। ਬਿਜਲੀ ਦਾ ਕਰੰਟ ਇੰਨਾ ਤੇਜ਼ ਸੀ ਕਿ ਚਾਚਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

 ਇਲਾਕੇ ਦੇ ਰਹਿਣ ਵਾਲੇ ਲੱਕੀ ਨੇ ਦੱਸਿਆ ਕਿ ਇਹ ਹਾਦਸਾ ਧਰਮਪੁਰਾ ਦੇ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ ਵਿੱਚ ਵਾਪਰਿਆ। ਨਿਸ਼ਾਨ ਸਾਹਿਬ ਚੜ੍ਹਾਉਣ ਵੇਲੇ ਸੰਤੁਲਨ ਵਿਗੜ ਗਿਆ, ਜਿਸ ਕਰਕੇ ਨਿਸ਼ਾਨ ਸਾਹਿਬ ਦਾ ਪਾਈਪ ਬਿਜਲੀ ਦੀਆਂ ਤਾਰਾਂ ਦੇ ਉੱਪਰ ਡਿੱਗ ਗਿਆ। ਬਿਜਲੀ ਦੇ ਝਟਕੇ ਤੋਂ ਤੁਰੰਤ ਬਾਅਦ ਸੇਵਾਦਾਰਾਂ ਨੇ ਬਿਜਲੀ ਸਪਲਾਈ ਕੱਟ ਦਿੱਤੀ, ਪਰ ਉਦੋਂ ਤੱਕ ਅਸ਼ੋਕ ਦੀ ਮੌਤ ਹੋ ਚੁੱਕੀ ਸੀ।

 ਮੌਕੇ 'ਤੇ ਪਹੁੰਚੇ ਕੌਂਸਲਰ ਗੌਰਵ ਜੀਤ ਗੋਰਾ ਨੇ ਕਿਹਾ ਕਿ ਅੱਜ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਨਿਸ਼ਾਨ ਸਾਹਿਬ ਦਾ ਚੋਲਾ ਅਕਸਰ ਹਰ ਮਹੀਨੇ ਗੁਰਦੁਆਰਾ ਸਾਹਿਬ ਵਿੱਚ ਚੜ੍ਹਾਇਆ ਜਾਂਦਾ ਹੈ। ਇਹ ਹਾਦਸਾ ਅਚਾਨਕ ਸੰਤੁਲਨ ਗੁਆਉਣ ਕਾਰਨ ਹੋਇਆ। ਉਹ ਹਾਦਸੇ ਵਿੱਚ ਜ਼ਖਮੀਆਂ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਰੱਖਦੇ ਹਨ।