Ludhiana News: ਕਲੱਬਾਂ ਵਿੱਚ ਪੈਸੇ ਖਰਚ ਕੇ ਵੀ ਲੋਕ ਨਾਜਾਇਜ਼ ਸ਼ਰਾਬ ਪੀ ਰਹੇ ਹਨ। ਇਹ ਖੁਲਾਸਾ ਲੁਧਿਆਣਾ ਵਿੱਚ ਹੋਇਆ ਹੈ। ਲੁਧਿਆਣਾ ਦੇ ਬਾੜੇਵਾਲ ਰੋਡ ਸਥਿਤ ਗਣਪਤੀ ਵੈਂਚਰ ਪ੍ਰਾਈਵੇਟ ਲਿਮਟਿਡ ਦੇ ਪਲੇਅ ਬੁਆਏ ਕਲੱਬ ’ਚ ਆਬਕਾਰੀ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ 186 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਆਬਕਾਰੀ ਵਿਭਾਗ ਦੇ ਨਾਲ ਥਾਣਾ ਸਰਾਭਾ ਨਗਰ ਦੀ ਪੁਲਿਸ ਵੀ ਸੀ।
ਉਧਰ, ਏਐਸਆਈ ਬਲਕਾਰ ਸਿੰਘ ਦੀ ਸ਼ਿਕਾਇਤ ’ਤੇ ਪਲੇਅ ਬੁਆਏ ਕਲੱਬ ਦੇ ਮੈਨੇਜਰ ਦਿਨੇਸ਼ ਸ਼ਰਮਾ, ਇੰਚਾਰਜ ਧੀਰਜ ਗਿਰੀ ਤੇ ਕਲੱਬ ਮਾਲਕ ਸਮੇਤ ਹੋਰਨਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਆਬਕਾਰੀ ਤੇ ਕਰਾਧਾਨ ਵਿਭਾਗ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਗਣਪਤੀ ਵੈਂਚਰ ਪ੍ਰਾਈਵੇਟ ਲਿਮਟਿਡ (ਪਲੇਅ ਬੁਆਏ ਕਲੱਬ) ’ਚੋਂ ਨਾਜਾਇਜ਼ ਸ਼ਰਾਬ ਕਬਜ਼ੇ ’ਚ ਲੈ ਲਈ ਗਈ ਹੈ। ਕਲੱਬ ਮੈਨੇਜਰ ਤੇ ਇੰਚਾਰਜ ਉਥੋਂ ਫ਼ਰਾਰ ਹੋ ਗਏ। ਪੁਲਿਸ ਨੂੰ ਬਾਅਦ ’ਚ ਸਟਾਫ਼ ਤੋਂ ਉਨ੍ਹਾਂ ਦੇ ਨਾਮ ਪਤਾ ਲੱਗੇ। ਹਾਲਾਂਕਿ ਹਾਲੇ ਕਲੱਬ ਦੇ ਮਾਲਕ ਤੇ ਹੋਰ ਲੋਕਾਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।
ਉਧਰ, ਆਬਕਾਰੀ ਤੇ ਕਰਾਧਾਨ ਵਿਭਾਗ ਦੀ ਟੀਮ ਨੇ ਬਿਨਾਂ ਪਰਮਿਟ ਗ੍ਰਾਹਕਾਂ ਨੂੰ ਸ਼ਰਾਬ ਪਰੋਸਣ ਦੇ ਦੋਸ਼ ’ਚ ਬੀਆਰਐਸ ਨਗਰ ਸਥਿਤ ਸਿਲਕ ਬਾਰ ਕਲੱਬ ’ਚੋਂ 64 ਬੋਤਲਾਂ ਸ਼ਰਾਬ ਸ਼ਰਾਬ ਕਬਜ਼ੇ ’ਚ ਲਈਆਂ ਹਨ। ਮੌਕੇ ’ਤੇ ਕਲੱਬ ਦੇ ਮਾਲਕ ਵਿਕਰਮ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂਕਿ ਮੈਨੇਜਰ ਬਲਵੀਰ ਚੰਦ ਤੇ ਉਸ ਦਾ ਇੱਕ ਅਣਪਛਾਤਾ ਸਾਥੀ ਫ਼ਰਾਰ ਹੋ ਗਏ।
ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਬੀ.ਆਰ.ਐਸ. ਨਗਰ ਸਥਿਤ ਲੋਧੀ ਕਲੱਬ ਦੇ ਕੋਲ ਸਿਲਕ ਬਾਰ ਕਲੱਬ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।