Punjab News : ਪੰਜਾਬ ਦੇ ਨੌਜਵਾਨ ਕਿੰਨੀ ਬੁਰੀ ਤਰ੍ਹਾਂ ਏਡਜ਼ ਦੀ ਲਪੇਟ 'ਚ ਆ ਰਹੇ ਹਨ। ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿਹੜੇ ਨੌਜਵਾਨ ਪਹਿਲਾਂ ਨਸ਼ਿਆਂ ਦਾ ਸ਼ਿਕਾਰ ਹੁੰਦੇ ਸਨ, ਉਹ ਹੁਣ ਏਡਜ਼ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ ਕੁਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਜਨਵਰੀ ਮਹੀਨੇ ਤੱਕ ਲੁਧਿਆਣਾ ਵਿੱਚ ਏਡਜ਼ ਦੇ 1711 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਬਠਿੰਡਾ ਵਿੱਚ 1514 ਏਡਜ਼ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਏਡਜ਼ ਪਾਜ਼ੇਟਿਵ ਕੇਸਾਂ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਹਨ।

 


 

ਲੁਧਿਆਣਾ ਤੇ ਬਠਿੰਡਾ 'ਚ ਹਾਲਾਤ ਖਰਾਬ

 

ਲੁਧਿਆਣਾ ਵਿੱਚ ਸਾਹਮਣੇ ਆਏ 1711 ਕੇਸਾਂ ਵਿੱਚੋਂ 1448 ਮਰਦ, 233 ਔਰਤਾਂ, 2 ਟਰਾਂਸਜੈਂਡਰ ਅਤੇ 28 ਬੱਚੇ ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ ਮਿਲੇ 1514 ਏਡਜ਼ ਪਾਜ਼ੇਟਿਵ ਮਰੀਜ਼ਾਂ ਵਿੱਚ 1281 ਪੁਰਸ਼, 225 ਔਰਤਾਂ, 2 ਟਰਾਂਸਜੈਂਡਰ ਅਤੇ 6 ਬੱਚੇ ਸ਼ਾਮਲ ਹਨ।


 ਇਹ ਵੀ ਪੜ੍ਹੋ : ਕਿਤੇ ਖੱਜਲ-ਖੁਆਰ ਹੋਣ ਦੀ ਲੋੜ ਨਹੀਂ, ਹੁਣ ਪੰਜਾਬ ਦੇ ਨਾਗਰਿਕਾਂ ਨੂੰ ਮੋਬਾਇਲ ਫੋਨਾਂ ‘ਤੇ ਮਿਲਣਗੇ ਸਰਟੀਫ਼ਿਕੇਟ, ਜਾਣੋ ਕਿਵੇਂ ?


 

ਇੱਕ ਸਾਲ ਵਿੱਚ ਮਿਲੇ 10,109 ਏਡਜ਼ ਪਾਜ਼ੇਟਿਵ 


ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 2022 ਤੋਂ ਜਨਵਰੀ 2023 ਤੱਕ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 10,109 ਏਡਜ਼ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਯਾਨੀ ਨਸ਼ੇ ਤੋਂ ਬਾਅਦ ਹੁਣ ਪੰਜਾਬ ਇਸ ਮਾਰੂ ਬੀਮਾਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਾਉਣ ਵਿੱਚ ਨਸ਼ਾ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਨਸ਼ੇੜੀ ਨਸ਼ੇ ਦੇ ਟੀਕੇ ਲਗਾਉਣ ਲਈ ਇੱਕ ਦੂਜੇ ਦੀ ਸੂਈ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਜੇਕਰ ਇੱਕ ਵਿਅਕਤੀ ਏਡਜ਼ ਪਾਜ਼ੇਟਿਵ ਹੈ ਤਾਂ ਉਸ ਦੇ ਨਾਲ ਦੂਜੇ ਦੇ ਪਾਜ਼ੇਟਿਵ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਭਾਵੇਂ ਸਮੇਂ-ਸਮੇਂ 'ਤੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਏਡਜ਼ ਵਰਗੀ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਟੀਕੇ ਰਾਹੀਂ ਨਸ਼ਾ ਕਰਨ ਵਾਲੇ ਲੋਕ ਕਈ ਵਾਰ ਓਵਰਡੋਜ਼ ਕਾਰਨ ਆਪਣੀ ਜਾਨ ਵੀ ਗੁਆ ਦਿੰਦੇ ਹਨ।