Khanna News: ਕਿਸਾਨ ਕਰਜ਼ੇ ਕਾਰਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿਥੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਗੰਢੂਆਂ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 36 ਸਾਲਾ ਸੱਤਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਗੰਡੂਆਂ ਵਜੋਂ ਹੋਈ ਹੈ। ਕਿਸਾਨ ਪਰਿਵਾਰ ਦੇ ਸਿਰ ਕਰੀਬ 12 ਲੱਖ ਦਾ ਕਰਜ਼ਾ ਹੈ। ਸੱਤਜੀਤ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ।

ਹਾਸਲ ਜਾਣਕਾਰੀ ਅਨੁਸਾਰ ਦਹੇੜੂ ਨੇੜੇ ਇੱਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਰੇਲ ਗੱਡੀ ਨੂੰ ਰੋਕਣ ਤੋਂ ਬਾਅਦ ਲੋਕੋ ਪਾਇਲਟ ਵੱਲੋਂ ਇਸ ਮਾਮਲੇ ਦੀ ਸੂਚਨਾ ਰੇਲਵੇ ਚੌਕੀ ਚਾਵਾ ਦੇ ਇੰਚਾਰਜ ਕੁਲਵੰਤ ਸਿੰਘ ਨੂੰ ਦਿੱਤੀ ਗਈ। ਇਸ ਤੋਂ ਬਾਅਦ ਚੌਕੀ ਇੰਚਾਰਜ ਕੁਲਵੰਤ ਸਿੰਘ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਸਰਹਿੰਦ ਤੋਂ ਐਸਐਚਓ ਜੀਆਰਪੀ ਵੀ ਮੌਕੇ ’ਤੇ ਪੁੱਜੇ। ਮੌਕੇ 'ਤੇ ਕੀਤੀ ਜਾਂਚ ਵਿੱਚ ਇਹ ਖੁਦਕੁਸ਼ੀ ਦਾ ਮਾਮਲਾ ਪਾਇਆ ਗਿਆ।

ਇਸ ਤੋਂ ਬਾਅਦ ਮ੍ਰਿਤਕ ਦੀ ਪਛਾਣ ਸੱਤਜੀਤ ਸਿੰਘ (36) ਵਜੋਂ ਹੋਈ ਤਾਂ ਪਤਾ ਲੱਗਾ ਕਿ ਸੱਤਜੀਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਸੱਤਜੀਤ ਸਿੰਘ 7 ਏਕੜ ਵਿੱਚ ਖੇਤੀ ਕਰਦਾ ਸੀ ਪਰ ਉਸ ਦੇ ਸਿਰ 'ਤੇ ਕਰਜ਼ਾ ਲਗਾਤਾਰ ਵਧ ਰਿਹਾ ਸੀ। ਸੱਤਜੀਤ ਨੇ ਪਿਤਾ ਦੀ ਮੌਤ ਤੋਂ ਬਾਅਦ ਭੈਣਾਂ ਦਾ ਵਿਆਹ ਕੀਤਾ ਸੀ। ਹੁਣ ਉਸ ਦਾ 9 ਸਾਲ ਦਾ ਬੇਟਾ ਵੀ ਹੈ, ਜਿਸਦੀ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਦਾ ਖਰਚਾ ਸੱਤਜੀਤ ਹੀ ਚਲਾ ਰਿਹਾ ਸੀ।



ਇਹ ਵੀ ਪੜ੍ਹੋ : ਰਿਸ਼ਵਤ ਕੇਸ 'ਆਪ' ਵਿਧਾਇਕ ਅਮਿਤ ਰਤਨ ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤਕਰਤਾ ਪ੍ਰਿਤਪਾਲ ਵੱਲੋਂ ਵੱਡੇ ਖੁਲਾਸੇ

ਇਕੱਲੀ ਖੇਤੀ ਨਾਲ ਉਸਦੀ ਕਮਾਈ ਨਹੀਂ ਹੋ ਰਹੀ ਸੀ। ਇਸ ਕਾਰਨ ਪਰਿਵਾਰ ਦੇ ਸਿਰ ਬੈਂਕਾਂ ਦਾ ਕਰੀਬ 12 ਲੱਖ ਦਾ ਕਰਜ਼ਾ ਹੋ ਗਿਆ। ਬਾਕੀ ਆੜ੍ਹਤੀ ਤੇ ਹੋਰ ਕਿਸਮ ਦੇ ਕਰਜ਼ੇ ਵੀ ਸਨ। ਇਸ ਕਾਰਨ ਸੱਤਜੀਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਸੱਤਜੀਤ ਸਿੰਘ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਰੇਲਵੇ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।


ਇਹ ਵੀ ਪੜ੍ਹੋ : ਵਿਜੀਲੈਂਸ ਨੇ AAP ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪੀ.ਏ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਸੱਤਜੀਤ ਸਿੰਘ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦੀ ਮੌਤ ਤੋਂ ਬਾਅਦ ਸੱਤਜੀਤ ਦਿਨ-ਰਾਤ ਮਿਹਨਤ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ। ਉਸ ਨੇ ਆਪਣੀਆਂ ਭੈਣਾਂ ਦੇ ਵਿਆਹ 'ਤੇ ਵੀ ਖਰਚ ਕੀਤਾ, ਜਿਸ ਕਾਰਨ ਉਸਨੂੰ ਕਰਜ਼ਾ ਲੈਣਾ ਪਿਆ। ਹੁਣ ਸੱਤਜੀਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਚਿਰਾਗ ਬੁਝ ਗਿਆ ਹੈ। ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਸੱਤਜੀਤ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਤੇ 9 ਸਾਲ ਦਾ ਮਾਸੂਮ ਪੁੱਤਰ ਛੱਡ ਗਿਆ ।

ਸੱਤਜੀਤ ਸਿੰਘ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਸੱਤਜੀਤ ਸਿੰਘ 7 ਏਕੜ ਵਿੱਚ ਖੇਤੀ ਕਰਦਾ ਸੀ। ਕਰਜ਼ਾ ਉਤਾਰਨ ਲਈ ਉਸ ਨੇ 2 ਏਕੜ ਜ਼ਮੀਨ ਵੀ ਵੇਚ ਦਿੱਤੀ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਸ 'ਤੇ ਕਰਜ਼ਾ ਵਧਦਾ ਜਾ ਰਿਹਾ ਸੀ। ਇਸ ਪਰੇਸ਼ਾਨੀ ਨੇ ਉਸਦੀ ਜਾਨ ਲੈ ਲਈ।