Farmer Protest: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਗੁਰੂਦੁਆਰਾ ਟਾਹਲੀ ਸਾਹਿਬ ਵਿਖੇ ਜਿਲਾ ਲੁਧਿਆਣਾ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਹੋਈ।


ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਕਿਸਾਨਾਂ ਦੀਆਂ ਕੇਂਦਰ ਤੇ ਪੰਜਾਬ ਸਰਕਾਰ ਨਾਲ ਲੰਮੇ ਅਰਸੇ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਜੋਰ ਦੇਣ ਅਤੇ ਭਵਿੱਖਤ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ ਇਸ ਮੀਟਿੰਗ ਚ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ।


ਉਨਾਂ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਨੂੰ 23 ਫਸਲਾਂ ਤੇ ਐਮ ਐਸ ਪੀ ਦਿਵਾਉਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ, ਪ੍ਰਦੂਸ਼ਨ ਐਕਟ ਅਤੇ ਬਿਜਲੀ ਐਕਟ 2020 ਰੱਦ ਕਰਵਾਉਣ, ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ, ਦੇਸ਼ ਭਰ ਚ ਕਿਸਾਨਾਂ ਤੇ ਦਰਜ ਪੁਲਿਸ ਪਰਚੇ ਰੱਦ ਕਰਾਉਣ, ਪੰਜਾਬ ਚ ਕਿਸਾਨੀ ਸਿਰ ਚੜੇ ਹਰ ਤਰਾਂ ਦੇ ਕਰਜੇ ਰੱਦ ਕਰਾਉਣ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜੇ ਅਤੇ ਨੌਕਰੀ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਾਉਣ, ਬੀਤੇ 'ਚ ਕਿਸਾਨੀ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜਾ ਜਾਰੀ ਕਰਾਉਣ, 60 ਸਾਲ ਤੋਂ ਉਪਰ ਦੇ ਕਿਸਾਨਾਂ ਲਈ ਘੱਟੋ-ਘੱਟ ਦਸ ਹਜਾਰ ਰੁਪਏ ਬੁਢਾਪਾ ਪੈਨਸ਼ਨ ਦੇਣ, ਚਿੱਪ ਵਾਲੇ ਮੀਟਰ ਲਗਾਉਣ ਤੇ ਪੱਕੀ ਪਾਬੰਦੀ ਲਗਾਉਣ ਆਦਿ ਮੰਗਾਂ ਲਈ ਇਕ ਵੇਰ ਫਿਰ ਆਰ ਪਾਰ ਦੀ ਲੜਾਈ ਦੀ ਤਿਆਰੀ ਕੀਤੀ ਜਾ ਰਹੀ ਹੈ।


ਇਸ ਤਹਿਤ 10 ਤੋਂ 20 ਜਨਵਰੀ ਤਕ ਸਾਰੇ ਬਲਾਕਾਂ ਚ ਕਿਸਾਨਾਂ ਦੀ ਲਾਮਬੰਦੀ ਲਈ ਸਾਂਝੀ ਸੰਪਰਕ ਮੁਹਿੰਮ ਚਲਾਈ ਜਾਵੇਗੀ। 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਸੂਬਾਈ ਕਨਵੈਨਸ਼ਨ ਚ ਜਥੇਬੰਦੀਆਂ ਦੇ ਵਰਕਰ ਸ਼ਾਮਲ ਹੋਣਗੇ। 26 ਜਨਵਰੀ ਨੂੰ ਜਿਲੇ ਭਰ ਚ ਸਾਂਝਾ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਸਾਰੀਆਂ ਜਥੇਬੰਦੀਆਂ ਦੀ ਡਿਉਟੀਆਂ ਲਗਾ ਦਿਤੀਆਂ ਗਈਆਂ ਹਨ। ਉਸ ਦਿਨ ਜਿਲੇ ਦੇ ਸਾਰੇ ਟਰੈਕਟਰ ਠੀਕ ਦੁਪਿਹਰ 12 ਵਜੇ ਤੋਂ ਪਹਿਲਾਂ ਪਹਿਲਾਂ ਮੁਲਾਂਪੁਰ ਹਵੇਲੀ ਲਾਗੇ ਜੀ ਟੀ ਰੋਡ ਤੇ ਇਕੱਤਰ ਹੋਣਗੇ।


ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਵਲੋਂ ਰਘਬੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਬੀ ਕੇ ਯੂ ਕਾਦੀਆਂ ਦੇ ਆਗੂ ਗੁਰਜੀਤ ਸਿੰਘ ਗਿੱਲ, ਆਲ ਇੰਡੀਆ ਕਿਸਾਨ (ਹਨਨ ਮੁੱਲਾ) ਦੇ ਮੁਖਤਿਆਰ ਸਿੰਘ ਜਲਾਲਦੀਵਾਲ, ਬੀ ਕੇ ਯੂ ਦੋਆਬਾ ਦੇ ਆਗੂ ਜਸਵੀਰ ਸਿੰਘ ਢੱਟ, ਬੀ ਕੇ ਯੂ ਲੱਖੋਵਾਲ ਦੇ ਆਗੂ ਅਜੈਬ ਸਿੰਘ ਰੁਪਾ ਪੱਤੀ ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਿੰਘ ਭੈਣੀ, ਬੀ ਕੇ ਯੂ ਡਕੌਂਦਾ ਬੁਰਜਗਿੱਲ ਦੇ ਆਗੂ ਸਤਬੀਰ ਸਿੰਘ ਰਾਏ, ਅਮਰ ਸਿੰਘ ਜਲਾਲਦੀਵਾਲ ਆਲ ਇੰਡੀਆ ਕਿਸਾਨ ਸਭਾ (ਅਜੈ ਭਵਨ) ਤੋਂ ਬਿਨਾਂ ਸਾਧੂ ਸਿੰਘ ਅੱਚਰਵਾਲ, ਕੁੰਡਾ ਸਿੰਘ ਕਾਉਂਕੇ, ਰਾਜਵੀਰ ਸਿੰਘ ਕਿਲਾ ਰਾਏਪੁਰ, ਗੁਰਮੇਲ ਸਿੰਘ ਰੂਮੀ,ਸ਼ਵਿੰਦਰ ਸਿੰਘ ਤਲਵੰਡੀ ਰਾਏ, ਜਗਦੀਸ਼ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।