Paddy Scam Case: ਅਨਾਜ ਮੰਡੀਆਂ ਵਿੱਚ ਕਰੋੜਾਂ ਰੁਪਏ ਦੇ ਧਾਨ ਘੁਟਾਲੇ ਦੇ ਮਾਮਲੇ ਵਿੱਚ ਭਗੌੜੇ ਐਲਾਨੇ ਗਏ ਪਨਸਪ ਦੇ ਸਾਬਕਾ ਜ਼ਿਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਨੇ ਸੋਮਵਾਰ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਗਨਦੀਪ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਝੋਨੇ ਦੀ ਢੋਆ-ਢੁਆਈ ਨਾਲ ਸਬੰਧਤ ਟੈਂਡਰਾਂ ਦੇ ਘਪਲੇ ਵਿੱਚ ਲੋੜੀਂਦਾ ਸੀ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਲੁਧਿਆਣਾ ਰੇਂਜ ਥਾਣੇ ਵਿੱਚ ਭ੍ਰਿਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਢਿੱਲੋਂ ਨੇ ਸਤੰਬਰ 2023 ਵਿੱਚ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਹਾਸਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਜੁਲਾਈ 2024 ਵਿੱਚ ਉਸ ਦੀ ਜ਼ਮਾਨਤ ਦੇ ਹੁਕਮ ਰੱਦ ਕਰ ਦਿੱਤੇ ਸਨ। ਉਦੋਂ ਤੋਂ ਉਹ ਡਿਊਟੀ ਤੋਂ ਗੈਰਹਾਜ਼ਰ ਸੀ। ਇਸ ਕਾਰਨ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਉਦੋਂ ਤੋਂ ਉਹ ਵਿਜੀਲੈਂਸ ਵੱਲੋਂ ਫੜਿਆ ਨਹੀਂ ਗਿਆ ਹੈ।
ਐਸਐਸਪੀ ਨੇ ਕਿਹਾ ਕਿ ਜਗਨਦੀਪ 2020-21 ਦੀ ਮਿਆਦ ਦੌਰਾਨ ਜ਼ਿਲ੍ਹਾ ਟੈਂਡਰ ਕਮੇਟੀ ਦੇ ਮੈਂਬਰ ਵਜੋਂ ਘੁਟਾਲੇ ਵਿੱਚ ਸ਼ਾਮਲ ਕੁਝ ਠੇਕੇਦਾਰਾਂ ਦੇ ਟੈਂਡਰਾਂ ਨੂੰ ਰੱਦ ਕਰਨ ਵਿੱਚ ਅਸਫਲ ਰਿਹਾ। ਉਸ ਨੇ ਕਥਿਤ ਤੌਰ ’ਤੇ ਇਨ੍ਹਾਂ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਰਿਸ਼ਵਤ ਦੇ ਬਦਲੇ ਉਨ੍ਹਾਂ ਨੂੰ ਟੈਂਡਰ ਅਲਾਟ ਕਰਵਾ ਲਏ। ਇਸ ਤੋਂ ਇਲਾਵਾ, ਢਿੱਲੋਂ ਨੇ ਸਬੰਧਤ ਪ੍ਰਕਿਰਿਆਵਾਂ ਦੀ ਉਲੰਘਣਾ ਕਰਦੇ ਹੋਏ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਕ੍ਰਿਸ਼ਨ ਲਾਲ ਅਤੇ ਅਨਿਲ ਜੈਨ ਦੀਆਂ ਦੁਕਾਨਾਂ ਤੋਂ ਅਨਾਜ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸ਼ੈਲਰ ਵਿੱਚ ਤਬਦੀਲ ਕਰਕੇ ਸਟੇਟ ਕਸਟਮ ਮਿਲਿੰਗ ਨੀਤੀ ਦੀ ਧਾਰਾ 12 (ਜੇ) ਦੀ ਉਲੰਘਣਾ ਕੀਤੀ।