Former MLA Jathedar Ranjit Singh Talwandi: ਰਾਏਕੋਟ ਤੋਂ ਸਾਬਕਾ ਅਕਾਲੀ ਵਿਧਾਇਕ ਅਤੇ ਮਰਹੂਮ ਲੋਹ ਪੁਰਸ਼ ਜਥੇਦਾਰ ਜਗਦੇਵ ਤਲਵੰਡੀ ਦੇ ਵੱਡੇ ਪੁੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਮੰਗਲਵਾਰ ਸ਼ਾਮ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਰਣਜੀਤ ਸਿੰਘ ਤਲਵੰਡੀ ਗੰਭੀਰ ਸਰੀਰਕ ਬਿਮਾਰੀ ਕਾਰਨ ਪਿਛਲੇ ਮਹੀਨੇ ਤੋਂ ਪੀਜੀਆਈ ਵਿੱਚ ਜ਼ੇਰੇ ਇਲਾਜ ਸਨ। ਜਿੱਥੇ ਮੰਗਲਵਾਰ ਸ਼ਾਮ ਕਰੀਬ 5 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ (ਰਾਏਕੋਟ) ਵਿਖੇ ਕੀਤਾ ਜਾਵੇਗਾ। ਰਣਜੀਤ ਸਿੰਘ ਤਲਵੰਡੀ 2002 ਤੋਂ 2007 ਤੱਕ ਰਾਏਕੋਟ ਦੇ ਵਿਧਾਇਕ ਰਹੇ। ਅਕਾਲੀ ਦਲ ਬਾਦਲ ਤੋਂ ਚੋਣ ਜਿੱਤਣ ਵਾਲੇ ਰਣਜੀਤ ਸਿੰਘ ਤਲਵੰਡੀ ਨੇ ਕਾਂਗਰਸ ਦੇ ਹਰਮੋਹਿੰਦਰ ਸਿੰਘ ਪ੍ਰਧਾਨ ਨੂੰ ਹਰਾਇਆ ਸੀ।
ਹਾਲਾਂਕਿ, ਬਾਦਲ ਪਰਿਵਾਰ ਨਾਲ ਨਾਰਾਜ਼ਗੀ ਕਾਰਨ ਰਣਜੀਤ ਸਿੰਘ ਤਲਵੰਡੀ 2021 ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਯੂਨਾਈਟਿਡ ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਦੇ ਜਨਰਲ ਸਕੱਤਰ ਬਣੇ। ਜਥੇਦਾਰ ਰਣਜੀਤ ਸਿੰਘ ਤਲਵੰਡੀ ਦੇ ਅਕਾਲ ਚਲਾਣੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਤਲਵੰਡੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਪਹੁੰਚ ਰਹੇ ਹਨ।
ਰਣਜੀਤ ਸਿੰਘ ਤਲਵੰਡੀ 1997 ਤੋਂ 2002 ਤੱਕ PSIEC ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਦੇ ਪੁੱਤਰ ਜਗਤੇਸ਼ਵਰ ਸਿੰਘ ਦੀ 2015 ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਭੈਣ ਹਰਜੀਤ ਕੌਰ ਤਲਵੰਡੀ ਅਕਾਲੀ ਦਲ ਯੂਨਾਈਟਿਡ ਮਹਿਲਾ ਵਿੰਗ ਦੀ ਪ੍ਰਧਾਨ ਹੈ। ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਵੀ ਕੈਬਨਿਟ ਮੰਤਰੀ ਰਹੇ ਹਨ। ਜਥੇਦਾਰ ਰਣਜੀਤ ਸਿੰਘ ਤਲਵੰਡੀ ਆਪਣੇ ਪਿੱਛੇ ਪਤਨੀ ਸਰਤਾਜ ਕੌਰ ਅਤੇ ਇੱਕ ਬੇਟੀ ਛੱਡ ਗਏ ਹਨ।