Punjab News : ਸੌਣ ਚੜ੍ਹਦਿਆਂ ਹੀ ਪੰਜਾਬ 'ਚ ਬਾਰਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਮੀਂਹ ਕਾਰਨ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ ਹਨ। ਕਈ ਥਾਵਾਂ 'ਤੇ ਕਾਫੀ ਨੁਕਸਾਨ ਵੀ ਹੋਇਆ ਹੈ। ਲੁਧਿਆਣਾ ਵਿੱਚ ਫੈਕਟਰੀ ਦੀ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਟਿਊਬਵੈੱਲ 'ਤੇ ਬਣਿਆ ਲੋਹੇ ਦਾ ਸ਼ੈੱਡ ਡਿੱਗ ਗਿਆ। ਹੇਠਾਂ ਦੱਬਣ ਕਾਰਨ ਕਰੀਬ 5 ਲੋਕ ਜ਼ਖਮੀ ਹੋ ਗਏ। ਸ਼ੈੱਡ ਹੇਠਾਂ ਖੜ੍ਹੇ ਟਰੈਕਟਰ ਤੇ ਬਾਈਕ ਵੀ ਨੁਕਸਾਨੇ ਗਏ ਹਨ।
ਉੱਥੇ ਹੀ ਹੁਸ਼ਿਆਰਪੁਰ 'ਚ ਭਿੰਗੀ-ਚੱਕ ਸਾਧੂ ਨਾਲਾ ਧੱਸਦਾ ਜਾ ਰਿਹਾ ਹੈ। ਪਿੰਡ ਮਹਗਰੋਵਾਲ ਵਿੱਚ ਡਰੇਨ ਪਾਰ ਕਰਦੇ ਸਮੇਂ ਸਰਕਾਰੀ ਅਧਿਆਪਕ ਦੀ ਕਾਰ ਪਾਣੀ ਦੀ ਤੇਜ਼ ਰਫਤਾਰ ਵਿੱਚ ਪਲਟ ਗਈ।
ਜਲੰਧਰ 'ਚ ਤੇਜ਼ ਹਨ੍ਹੇਰੀ ਕਾਰਨ ਇਕ ਦਰੱਖਤ ਖੜ੍ਹੇ ਵਾਹਨ 'ਤੇ ਡਿੱਗ ਗਿਆ। ਦੱਸਣਯੋਗ ਹੈ ਕਿ ਹਾਦਸੇ ਦੌਰਾਨ ਕਾਰ ਵਿੱਚ ਕੋਈ ਵੀ ਸਵਾਰੀ ਨਹੀਂ ਸੀ। ਇਸ ਕਾਰਨ ਗੱਡੀ ਨੁਕਸਾਨੀ ਗਈ ਹੈ। ਦੂਜੇ ਪਾਸੇ ਸ਼ਹਿਰਾਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਅਨੁਸਾਰ 8 ਜੁਲਾਈ ਤੱਕ ਭਾਰੀ ਬਰਸਾਤ ਦਾ ਇਹੀ ਹਾਲ ਰਹੇਗਾ। ਮੌਸਮ ਵਿਭਾਗ ਨੇ 6 ਜੁਲਾਈ ਤੋਂ 8 ਜੁਲਾਈ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਦਾ ਯੈਲੋ ਅਲਰਟ
ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 6 ਜੁਲਾਈ ਨੂੰ ਮਾਝੇ ਵਿੱਚ ਜ਼ਿਆਦਾਤਰ ਥਾਵਾਂ ’ਤੇ, ਦੁਆਬੇ ਵਿੱਚ ਹਰ ਥਾਂ ਅਤੇ ਮਾਲਵੇ ਵਿੱਚ ਜ਼ਿਆਦਾਤਰ ਥਾਵਾਂ ’ਤੇ ਮੀਂਹ ਪਵੇਗਾ।
ਮੀਂਹ ਕਾਰਨ ਜਿੱਥੇ ਨਮੀ ਘੱਟ ਗਈ ਹੈ, ਉੱਥੇ ਹੀ ਤਾਪਮਾਨ ਵਿੱਚ ਵੀ ਕਾਫੀ ਗਿਰਾਵਟ ਆਈ ਹੈ। ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਪਿਛਲੇ ਦਿਨੀਂ ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ 40 ਤੋਂ 41 ਡਿਗਰੀ ਤੱਕ ਚੱਲ ਰਿਹਾ ਸੀ ਜਦੋਂਕਿ ਦੋਆਬਾ ਤੇ ਮਾਝੇ ਵਿੱਚ ਤਾਪਮਾਨ 37 ਤੋਂ 38 ਡਿਗਰੀ ਤੱਕ ਚੱਲ ਰਿਹਾ ਸੀ। ਹੁਣ ਇਹੀ ਤਾਪਮਾਨ 26 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ।
ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 6 ਜੁਲਾਈ ਨੂੰ ਮਾਝੇ ਵਿੱਚ ਜ਼ਿਆਦਾਤਰ ਥਾਵਾਂ ’ਤੇ, ਦੁਆਬੇ ਵਿੱਚ ਹਰ ਥਾਂ ਅਤੇ ਮਾਲਵੇ ਵਿੱਚ ਜ਼ਿਆਦਾਤਰ ਥਾਵਾਂ ’ਤੇ ਮੀਂਹ ਪਵੇਗਾ। 7 ਜੁਲਾਈ ਨੂੰ ਰਾਜਸਥਾਨ ਦੇ ਨਾਲ ਲੱਗਦੇ ਮਾਲਵੇ ਦੇ ਪੱਛਮੀ ਹਿੱਸੇ ਨੂੰ ਛੱਡ ਕੇ ਹਰ ਪਾਸੇ ਮੀਂਹ ਪਵੇਗਾ। ਇਸੇ ਤਰ੍ਹਾਂ 8 ਜੁਲਾਈ ਨੂੰ ਰਾਜਸਥਾਨ ਦੇ ਨਾਲ ਲੱਗਦੇ ਮਾਝੇ ਅਤੇ ਮਾਲਵੇ ਦੇ ਪੱਛਮੀ ਹਿੱਸੇ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।