Ludhiana News : ਜ਼ਿਲ੍ਹਾ ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਹੈ। ਮੰਡ ਨੂੰ ਈ-ਮੇਲ ਰਾਹੀਂ ਧਮਕੀ ਮਿਲੀ ਹੈ।


 

 ਜਿਸ ਵਿੱਚ ਲਿਖਿਆ ਹੈ ਕਿ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,'ਮੰਡ ਦੇਖ ਲਿਆ ਜੋ ਵੀ ਸਾਡੇ ਗੁਰੂ ਸਾਹਿਬ ਬਾਰੇ ਗਲਤ ਬੋਲੇਗਾ ,ਅਸੀਂ ਉਸਨੂੰ ਜ਼ਰੂਰ ਮਰਾਂਗੇ ,ਹੁਣ ਤੇਰੀ ਵਾਰੀ ਆਉਣ ਵਾਲੀ ਹੈ ,ਅਸੀਂ ਤੈਨੂੰ ਕਦੇ ਵੀ ਮੁਆਫ ਨਹੀਂ ਕਰਾਂਗੇ ,ਤੇਰਾ ਵੀ ਟਾਈਮ ਖਤਮ ਹੋਣਾ ਵਾਲਾ ਹੈ ,ਹੁਣ ਤੂੰ ਬਹੁਤ ਕੁੱਝ ਗੱਲ ਬੋਲ ਲਿਆ ,ਤੇਰੇ ਵੀ ਸਿਰ ਵਿੱਚ ਗੋਲੀ ਮਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। (ਜੈ ਬਲਕਾਰੀ)







 

ਗੁਰਸਿਮਰਨ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਈ-ਮੇਲ ਬਾਰੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੰਡ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ 7 ਕਮਾਂਡੋ ਅਤੇ ਪੀਏਪੀ ਜਵਾਨਾਂ ਨੂੰ ਵਾਪਸ ਲੈ ਲਿਆ ਗਿਆ ਹੈ। ਜੇਕਰ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। 

 

ਮੰਡ ਨੇ ਦੱਸਿਆ ਕਿ ਬਟਾਲਾ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਘਟਨਾਵਾਂ ਵਾਪਰੀਆਂ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਚਕਨਾਚੂਰ ਹੋ ਚੁੱਕੀ ਹੈ। ਮੰਡ ਨੇ ਕਿਹਾ ਕਿ ਉਨ੍ਹਾਂ ਨੇ ਕੱਟੜਪੰਥੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਧਮਕੀਆਂ ਮਿਲ ਰਹੀਆਂ ਹਨ। 

 

ਦੱਸ ਦੇਈਏ ਕਿ ਸਲੇਮ ਟਾਬਰੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਅਕਾਲੀ ਆਗੂਆਂ ਨੇ ਭੰਨ-ਤੋੜ ਕਰਕੇ ਕਾਲਖ ਫੇਰ ਦਿੱਤੀ ਸੀ। ਇਸ ਦੌਰਾਨ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਪੱਗ ਲਾਹ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਇਸ ਤੋਂ ਇਲਾਵਾ ਉਹ ਕਈ ਵਾਰ ਕੰਧਾਂ 'ਤੇ ਲਿਖੇ ਖਾਲਿਸਤਾਨੀ ਨਾਅਰਿਆਂ ਦੀ ਸਫਾਈ ਕਰਦੇ ਵੀ ਦੇਖੇ ਗਏ ਹਨ ਅਤੇ ਕਈ ਵਾਰ ਖਾਲਿਸਤਾਨ ਦੇ ਖਿਲਾਫ ਬੋਲ ਚੁੱਕੇ ਹਨ।