Ludhiana News: ਖੰਨਾ 'ਚ  ਦੇਰ ਰਾਤ ਓਵਰਸਪੀਡ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਇਨ੍ਹਾਂ ਦੀ ਉਮਰ 25 ਤੋਂ 30 ਸਾਲ ਸੀ। ਜਦਕਿ ਤੀਜਾ ਨੌਜਵਾਨ ਗੰਭੀਰ ਜਖ਼ਮੀ ਹੈ। ਇਹ ਹਾਦਸਾ ਸਮਰਾਲਾ ਰੋਡ ਵਿਖੇ ਵਾਪਰਿਆ। ਜਿੱਥੇ ਇਹ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ ਉਪਰ ਬੈਠੇ ਸੀ। ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖਤ ਨੂੰ ਤੋੜਦੀ ਹੋਈ ਨੌਜਵਾਨਾਂ ਉਪਰ ਚੜ੍ਹ ਗਈ। ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ ਤੋਂ ਲੋਕ ਨਾਖ਼ੁਸ਼ ਨਜ਼ਰ ਆਏ ਹਨ। 


ਇਸ ਹਾਦਸੇ ਬਾਬਤ ਚਸਮਦੀਦ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਜਦੋਂ ਬੈਂਚ ਉਪਰ ਬੈਠੇ ਸੀ ਤਾਂ ਤੇਜ ਰਫ਼ਤਾਰ ਕਾਰ ਆਈ ਤੇ  ਦਰੱਖਤ ਨੂੰ ਤੋੜਦੀ ਹੋਈ ਆਟਾ ਚੱਕੀ ਦੇ ਬਾਹਰ ਪਏ ਇੱਕ ਭਾਰੀ ਪੱਥਰ 'ਚ ਵੱਜੀ ਅਤੇ ਫਿਰ ਨੌਜਵਾਨਾਂ ਉਪਰ ਚੜ੍ਹ ਗਈ। ਜਿਸ ਨਾਲ ਦੋ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਤੀਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ।


ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਪੁਲਿਸ ਜਾਂਚ ਲਈ ਆਈ ਸੀ ਤਾਂ ਕਾਰ ਵਾਲਿਆਂ ਦਾ ਹੀ ਸਾਥ ਦੇ ਰਹੀ ਸੀ।  ਇੱਕ ਹੋਰ ਚਸਮਦੀਦ ਅਮਰਦੀਪ ਸਿੰਘ ਅਨੁਸਾਰ ਉਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ ਤਾਂ ਉਸਦੀਆਂ ਅੱਖਾਂ ਸਾਮਣੇ ਇਹ ਦਰਦਨਾਕ ਹਾਦਸਾ ਹੋਇਆ। ਕਾਰ 'ਚ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਦੀ ਕਾਰਵਾਈ ਉਪਰ ਸਵਾਲ ਚੁੱਕਦੇ ਹੋਏ ਅਮਰਦੀਪ ਨੇ ਕਿਹਾ ਕਿ ਪੁਲਿਸ ਸਬੂਤ ਮਿਟਾਉਣ ਦੇ ਮਕਸਦ ਨਾਲ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਲੈਣ ਆ ਗਈ ਸੀ ਕਿਉਂਕਿ ਕਾਰ ਚ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਨੇ ਵੀ ਪੁਲਿਸ ਦੀ ਕਾਰਵਾਈ ਉਪਰ ਸਵਾਲ ਚੁੱਕੇ ਅਤੇ ਇਨਸਾਫ ਦੀ ਮੰਗ ਕੀਤੀ।


 
ਦੂਜੇ ਪਾਸੇ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਸਪੀਡ ਬਹੁਤ ਤੇਜ ਸੀ। ਕਾਰ ਸਵਾਰਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ। ਜਿਸ ਕਰਕੇ ਇਸ ਹਾਦਸੇ 'ਚ ਦੋ ਮੌਤਾਂ ਹੋਈਆਂ। ਤੀਜਾ ਨੌਜਵਾਨ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ। ਕਾਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਉਸਦਾ ਇਲਾਜ ਚੱਲ ਰਿਹਾ ਹੈ।