Ludhiana News: ਲੁਧਿਆਣਾ 'ਚ ਦੇਰ ਰਾਤ ਥਾਣਾ ਡਾਬਾ 'ਚ ਖੂਬ ਹੰਗਾਮਾ ਹੋਇਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਪੁਲਿਸ ਮੁਲਾਜ਼ਮ ਕੁਝ ਔਰਤਾਂ ਨਾਲ ਹੱਥੋਪਾਈ ਕਰ ਰਹੇ ਹਨ। ਸੂਤਰਾਂ ਮੁਤਾਬਕ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਥਾਣੇ ਵਿੱਚ ਹੰਗਾਮਾ ਹੁੰਦਾ ਰਿਹਾ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਥਾਣੇ ਦੇ ਬਾਹਰ ਮੌਜੂਦ ਰਹੇ। ਪੁਲਿਸ ਨੇ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਹੰਗਾਮਾ ਕਰਨ ਵਾਲੇ ਪਰਿਵਾਰ ਨੇ ਪੁਲਿਸ 'ਤੇ ਲੜਾਈ-ਝਗੜੇ ਦੇ ਮਾਮਲੇ 'ਚ ਰਾਜ਼ੀਨਾਮਾ ਕਰਾਉਣ ਲਈ ਕਾਗਜ਼ਾਂ 'ਤੇ ਜ਼ਬਰਦਸਤੀ ਦਸਤਖਤ ਕਰਵਾਉਣ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਪੱਗ ਲਾਹੁਣ ਦੇ ਦੋਸ਼ ਵਿੱਚ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੰਗਾਮਾ ਕਰਨ ਵਾਲੇ ਪਰਿਵਾਰ ਦੇ ਮੈਂਬਰ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਅਰਮਾਨ ਪਹਿਲਾਂ ਹੀ ਥਾਣੇ 'ਚ ਬੰਦ ਹੈ। ਕੁਝ ਦਿਨ ਪਹਿਲਾਂ ਅੱਧੀ ਰਾਤ ਨੂੰ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਸੀ। ਉਸ ਨੂੰ ਪੁਲਿਸ ਨੇ ਉਸ ਦੇ ਬੈੱਡਰੂਮ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਦਾ ਇਲਾਕੇ ਦੇ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਸੀ। ਉਸ ਦੀ ਮਾਂ ਸੁਮਿੱਤਰਾ ਦੇਵੀ, ਪਤਨੀ ਖੁਸ਼ਬੂ ਤੇ ਪਿਤਾ ਉਸ ਨੂੰ ਖਾਣਾ ਤੇ ਕੱਪੜੇ ਦੇਣ ਲਈ ਥਾਣੇ ਆਏ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਗੇਟ ਬੰਦ ਕਰਨ ਲੱਗੇ।
ਅਰਮਾਨ ਦੀ ਮਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਰਾਹੁਲ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪਰਿਵਾਰ ਨੂੰ ਰਾਜ਼ੀਨਾਮਾ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਕੋਈ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ, ਫਿਰ ਵੀ ਦੋ ਔਰਤਾਂ ਨੂੰ ਥਾਣੇ ਵਿੱਚ ਰੱਖਿਆ ਗਿਆ। ਥਾਣੇ ਵਿੱਚ ਔਰਤਾਂ ਦੀ ਕੁੱਟਮਾਰ ਵੀ ਕੀਤੀ ਗਈ।
ਇਹ ਵੀ ਪੜ੍ਹੋ: Pakistan News: ਜੇਹਾਦੀ ਗੁਰੂ ਅਬਦੁੱਲਾ ਸ਼ਾਹੀਨ ਕੌਣ? ਪਾਕਿਸਤਾਨ 'ਚ ਅਣਪਛਾਤੇ ਵਿਅਕਤੀ ਨੇ ਇੱਕ ਹੋਰ ਅੱਤਵਾਦੀ ਨੂੰ ਮਾਰ ਦਿੱਤਾ
ਉਧਰ, ਡਾਬਾ ਥਾਣੇ ਦੇ ਐਸਐਚਓ ਕੁਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਪੁਰਾਣੇ ਮਾਮਲੇ ਵਿੱਚ ਔਰਤ ਦੀ ਗ੍ਰਿਫ਼ਤਾਰੀ ਪਾਉਣੀ ਬਾਕੀ ਸੀ। ਪੁਲਿਸ ਮੁਲਾਜ਼ਮ ਦੀ ਪੱਗ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਰਾਜ਼ੀਨਾਮੇ ਵਰਗਾ ਕੁਝ ਨਹੀਂ। ਔਰਤ ਨੂੰ ਕਾਨੂੰਨ ਮੁਤਾਬਕ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: Punjab Politics: ਮਨਜੀਤ ਸਿੰਘ ਜੀਕੇ ਦੀ ਸ਼੍ਰੋਮਣੀ ਅਕਾਲੀ ਦਲ ‘ਚ ਹੋਈ ਵਾਪਸੀ, ਸੁਖਬੀਰ ਬਾਦਲ ਨੇ ਰੁੱਸੇ ਅਕਾਲੀਆਂ ਨੂੰ ਦਿੱਤਾ ਸੱਦਾ