Ludhiana News: ਲੁਧਿਆਣਾ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚੰਡੀਗੜ੍ਹ ਦੇ ਆਈਏਐਸ ਅਧਿਕਾਰੀ ਦਲੀਪ ਕੁਮਾਰ ਨਾਲ ਪੰਗਾ ਪੈ ਗਿਆ ਹੈ। ਆਈਏਐਸ ਅਧਿਕਾਰੀ ਦਲੀਪ ਕੁਮਾਰ ਨੇ ਵਿਧਾਇਕ ਗੋਗੀ ਨੂੰ ਮੀਟਿੰਗ ਵਿੱਚ ਬਾਹਰ ਕੱਢ ਦਿੱਤਾ। ਇਸ ਨਾਲ ਵਿਧਾਇਕ ਗੋਗੀ ਨੇ ਕਾਫੀ ਬੇਇਜ਼ਤੀ ਮਹਿਸੂਸ ਕੀਤੀ ਹੈ। ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਕਾਰਵਾਈ ਮੰਗੀ ਹੈ।
ਵਿਧਾਇਕ ਗੋਗੀ ਨੇ ਕਿਹਾ ਹੈ ਕਿ ਇਹ ਅਧਿਕਾਰੀ ਦਫ਼ਤਰ ਵਿੱਚ ਲੋਕਾਂ ਤੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ। ਵਿਧਾਇਕ ਗੋਗੀ ਮੁਤਾਬਕ ਜਦੋਂ ਉਹ ਉਦਯੋਗਪਤੀਆਂ ਦੇ ਸਮੂਹ ਨਾਲ ਮੀਟਿੰਗ ਕਰਨ ਲਈ ਗਏ ਤਾਂ ਅਧਿਕਾਰੀ ਦਲੀਪ ਨੇ ਉਨ੍ਹਾਂ ਨੂੰ ਇਹ ਕਹਿ ਕੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ ਕਿ ਉਹ ਉਦਯੋਗਪਤੀ ਨਹੀਂ। ਅਫਸਰ ਨੇ ਕਿਹਾ ਕਿ ਸਿਆਸਤਦਾਨ ਮੀਟਿੰਗ ਵਿੱਚ ਨਹੀਂ ਬੈਠ ਸਕਦੇ।
ਉਨ੍ਹਾਂ ਦੱਸਿਆ ਕਿ ਉਹ ਆਪ ਪਾਰਟੀ ਵੱਲੋਂ ਉਦਯੋਗਪਤੀਆਂ ਦੀ ਨੁਮਾਇੰਦਗੀ ਲਈ ਉੱਥੇ ਗਏ ਸਨ ਪਰ ਇਸ ਅਧਿਕਾਰੀ ਵੱਲੋਂ ਕੀਤੇ ਮਾੜੇ ਵਤੀਰੇ ਕਾਰਨ ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ਼ਿਕਾਇਤ ਭੇਜ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਧਾਇਕਾਂ ਨਾਲ ਕੋਈ ਮਾੜਾ ਵਿਵਹਾਰ ਨਾ ਹੋਵੇ।
ਵਿਧਾਇਕ ਗੋਗੀ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਹ ਇੰਡਸਟਰੀਜ਼ ਐਸੋਸੀਏਸ਼ਨ ਦੀ ਟੀਮ ਨਾਲ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਮਿਲਣ ਲਈ ਸੈਕਟਰ-17 ਚੰਡੀਗੜ੍ਹ ਗਏ ਸਨ। ਉੱਥੇ ਜਦੋਂ ਉਹ ਮੀਟਿੰਗ ਵਿੱਚ ਕੁਰਸੀ ’ਤੇ ਬੈਠਣ ਲੱਗੇ ਤਾਂ ਆਈਏਐਸ ਦਲੀਪ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਇੱਥੋਂ ਚਲੇ ਜਾਓ, ਤੁਹਾਡਾ ਇਸ ਮੀਟਿੰਗ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਕਾਰਨ ਉਨ੍ਹਾਂ ਨੇ ਬੇਇੱਜ਼ਤੀ ਮਹਿਸੂਸ ਕੀਤੀ।
ਗੋਗੀ ਨੇ ਕਿਹਾ ਕਿ ਉਸ ਅਧਿਕਾਰੀ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਪਾਰਟੀ ਵੱਲੋਂ ਉਦਯੋਗਪਤੀਆਂ ਦੀ ਨੁਮਾਇੰਦਗੀ ਕਰ ਰਹੇ ਹਨ ਕਿਉਂਕਿ ਉਹ ਪਹਿਲਾਂ ਇੰਡਸਟਰੀ ਦੇ ਚੇਅਰਮੈਨ ਸੀ ਤੇ ਹੁਣ ਮੌਜੂਦਾ ਵਿਧਾਇਕ ਹਨ, ਪਰ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਕਿਸੇ ਆਈਏਐਸ ਅਧਿਕਾਰੀ ਵੱਲੋਂ ਚੁਣੇ ਹੋਏ ਨੁਮਾਇੰਦੇ ਦਾ ਇਸ ਤਰ੍ਹਾਂ ਜਨਤਕ ਤੌਰ 'ਤੇ ਅਪਮਾਨ ਕਰਨਾ ਸਹੀ ਨਹੀਂ। ਉਹ ਕਾਨੂੰਨੀ ਕਾਰਵਾਈ ਕਰਦੇ ਹੋਏ ਇਹ ਸ਼ਿਕਾਇਤ ਭੇਜ ਰਹੇ ਹਨ, ਜਿਸ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਜਾਵੇ।
ਵਿਧਾਇਕ ਗੋਗੀ ਨੇ ਮੰਗ ਕੀਤੀ ਹੈ ਕਿ ਅਜਿਹੇ ਅਧਿਕਾਰੀਆਂ ਦੀ ਡਿਊਟੀ ਉਨ੍ਹਾਂ ਥਾਵਾਂ 'ਤੇ ਨਾ ਲਾਈ ਜਾਵੇ ਜਿੱਥੇ ਪਬਲਿਕ ਡੀਲਿੰਗ ਹੁੰਦੀ ਹੈ। ਜਿਹੜੇ ਅਧਿਕਾਰੀ ਪੰਜਾਬ ਸਰਕਾਰ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਅਜਿਹਾ ਵਿਵਹਾਰ ਕਰ ਰਹੇ ਹਨ, ਫਿਰ ਉਹ ਆਮ ਜਨਤਾ ਨਾਲ ਕੀ ਕਰ ਰਹੇ ਹੋਣਗੇ। ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਪਤਾ ਲੱਗਾ ਹੈ ਕਿ ਦਫ਼ਤਰ ਵਿੱਚ ਇਸ ਅਧਿਕਾਰੀ ਦਾ ਵਤੀਰਾ ਠੀਕ ਨਹੀਂ। ਇਸ ਕਾਰਨ ਅਧਿਕਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।