Ludhiana News: ਪੰਜਾਬ ਅੰਦਰ ਨਸ਼ਿਆਂ ਦਾ ਕਹਿਰ ਰੁਕ ਨਹੀਂ ਰਿਹਾ। ਰੋਜ਼ਾਨਾ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਜਾਨ ਜਾ ਰਹੀ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਬੀਤੀ ਰਾਤ ਈਸਾ ਨਗਰੀ ਦੀ ਜਿੰਮ ਵਾਲੀ ਗਲੀ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਨਸ਼ੇ ਦੀ ਓਵਰਡੋਜ ਦੇ ਕੇ ਮਾਰਿਆ ਗਿਆ ਹੈ। ਨੌਜਵਾਨ ਪਹਿਲਾਂ ਨਸ਼ੇ ਦਾ ਆਦੀ ਸੀ ਪਰ ਕੁਝ ਦਿਨਾਂ ਤੋਂ ਨਸ਼ਾ ਛੱਡ ਦਿੱਤਾ ਸੀ। ਮ੍ਰਿਤਕ ਦੀ ਪਛਾਣ ਦੀਪਕ ਧਾਲੀਵਾਲ ਵਾਸੀ ਖੁੱਡੂ ਮੁਹੱਲਾ ਵਜੋਂ ਹੋਈ ਹੈ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਰੱਖਵਾਇਆ ਗਿਆ ਹੈ।
ਖੁੱਡੂ ਮੁਹੱਲੇ ਦੇ ਕਰਨ ਨੇ ਦੱਸਿਆ ਕਿ ਰਾਤ ਕਰੀਬ 8.30 ਵਜੇ ਇੱਕ ਨੌਜਵਾਨ ਉਨ੍ਹਾਂ ਦੇ ਘਰ ਪਹੁੰਚਿਆ ਤੇ ਦੱਸਿਆ ਕਿ ਉਸ ਦਾ ਭਰਾ ਦੀਪਕ ਈਸਾ ਨਗਰੀ ਪੁਲੀ ਨੇੜੇ ਜਿੰਮ ਵਾਲੀ ਗਲੀ 'ਚ ਡਿੱਗਿਆ ਪਿਆ ਹੈ। ਉਹ ਤੁਰੰਤ ਉੱਥੇ ਪਹੁੰਚੇ ਤੇ ਉਸ ਨੂੰ ਸੀਐਮਸੀ ਹਸਪਤਾਲ ਲੈ ਗਏ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਭਰਾ ਅਨੁਸਾਰ ਜਿਸ ਗਲੀ ਵਿੱਚ ਉਹ ਡਿੱਗਿਆ ਪਿਆ ਸੀ, ਉਸ ਵਿੱਚ ਇੱਕ ਨਸ਼ਾ ਤਸਕਰ ਰਹਿੰਦਾ ਹੈ। ਰਾਤ ਸਮੇਂ ਉਸ ਦੇ ਭਰਾ ਨੂੰ ਉਸ ਥਾਂ 'ਤੇ ਬੁਲਾਇਆ ਗਿਆ ਸੀ। ਉਸ ਦੀ ਜੇਬ ਵਿੱਚੋਂ ਮੋਬਾਈਲ ਤੇ ਪੈਸੇ ਵੀ ਗਾਇਬ ਸਨ। ਸ਼ੱਕ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਦੀਪਕ ਘਰ ਤੋਂ ਡੇਢ ਕਿਲੋਮੀਟਰ ਦੂਰ ਪਿਆ ਹੋਇਆ ਸੀ।
ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਅੱਜ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।