Ludhiana News: ਲੁਧਿਆਣਾ ਵਿੱਚ ਡਾਕਖਾਨੇ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਚੰਡੀਗੜ੍ਹ ਰੋਡ 'ਤੇ ਇਕ ਤੇਜ਼ ਰਫਤਾਰ ਮਿੰਨੀ ਬੱਸ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦਾ ਨਾਮ ਜਸਦੇਵ ਸਿੰਘ ਹੈ। ਉਹ ਘਰ ਤੋਂ ਕੰਮ 'ਤੇ ਜਾ ਰਿਹਾ ਸੀ। ਬੱਸ ਚਾਲਕ ਘਟਨਾ ਵਾਲੀ ਥਾਂ 'ਤੇ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।



ਡਿਊਟੀ 'ਤੇ ਜਾਣ ਵੇਲੇ ਵਾਪਰਿਆ ਹਾਦਸਾ 


ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਜਸਦੇਵ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਡਿਊਟੀ ਲਈ JRSS ਪੋਸਟ ਆਫਿਸ ਪਿੰਡ ਸੁਨੈਤ ਜਾ ਰਹੇ ਸੀ। ਸਿਮਰਨਜੀਤ ਅਨੁਸਾਰ ਉਹ ਆਪਣੇ ਪਿਤਾ ਦੇ ਪਿੱਛੇ ਬਾਈਕ 'ਤੇ ਆ ਰਿਹਾ ਸੀ। ਜਿਵੇਂ ਹੀ ਉਹ ਚੰਡੀਗੜ੍ਹ ਰੋਡ ’ਤੇ ਗਰੇਵਾਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਪਿੱਛੇ ਤੋਂ ਇੱਕ ਲਾਲ ਰੰਗ ਦੀ ਮਿੰਨੀ ਬੱਸ ਨੰਬਰ ਪੀਬੀ 10ਡੀਈ-2719 ਆ ਗਈ।


ਬੱਸ ਡਰਾਈਵਰ ਨੇ ਲਾਪਰਵਾਹੀ ਨਾਲ ਐਕਟਿਵਾ ਨੂੰ ਮਾਰੀ ਟੱਕਰ 
ਬੱਸ ਚਾਲਕ ਗੁਰਦੇਵ ਸਿੰਘ ਨੇ ਆਪਣੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਉਸ ਦੇ ਪਿਤਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਾ ਲੱਗਿਆ ਹੈ ਕਿ ਸਿਰ 'ਤੇ ਅੰਦਰੂਨੀ ਸੱਟ ਲੱਗਣ ਕਾਰਨ ਮੌਤ ਹੋਈ ਹੈ। ਮੌਤ ਦੇ ਅਸਲ ਕਾਰਨਾਂ ਦਾ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।


ਪੁਲਿਸ ਮਾਮਲੇ ਦੀ ਕਰ ਰਹੀ ਜਾਂਚ


ਮੁਲਜ਼ਮ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਪਿੰਡ ਚੀਮਾ ਹਠੂਰ ਹਾਲ, ਨਿਵਾਸੀ ਸਰਪੰਚ ਟਿੱਬਾ ਕਲੋਨੀ ਥਾਣਾ ਜਮਾਲਪੁਰ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।