Kabaddi player suicide - ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਉਰਫ ਗੋਪੀ ਵੱਲੋਂ ਖੁਦਕੁਸ਼ੀ ਕੀਤੀ ਗਈ। ਮੁਹੱਲਾ ਆਵਾ ਜਗਰਾਉਂ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਗੁਰਪ੍ਰੀਤ ਗੋਪੀ ਨੇ ਸਲਫਾਸ ਦੀਆਂ ਗੋਲੀਆਂ ਨਿਗਲਣ ਲਈਆਂ ਸਨ ਜਿਸ ਕਰਕੇ ਉਸ ਦੇ ਸਰੀਰ ਅੰਦਰ ਜ਼ਹਿਰ ਫੈਲ ਗਿਆ ਤੇ ਉਸ ਦੀ  ਮੌਤ ਹੋ ਗਈ। 


ਖਿਡਾਰੀ ਗੁਰਪ੍ਰੀਤ ਗੋਪੀ ਦੀ ਮੌਤ ਲਈ ਉਸ ਦੀ ਪ੍ਰੇਮਿਕਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਅੱਗੇ ਪ੍ਰਦਰਸ਼ਨ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਜਿਸ ’ਤੇ ਥਾਣਾ ਸਿਟੀ ਪੁਲੀਸ ਨੇ ਪ੍ਰੇਮਿਕਾ ਨੇਹਾ ਅਤੇ ਉਸ ਦੀ ਮਾਂ ਅਮਰਜੀਤ ਕੌਰ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ । 


ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਪਿਤਾ ਸਰਵਣ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਹੈ। ਉਸ ਦੀ ਉਮਰ 32 ਸਾਲ ਸੀ ਅਤੇ ਉਸ ਦੇ ਤਿੰਨ ਬੱਚੇ (ਦੋ ਲੜਕੇ ਅਤੇ ਇਕ ਲੜਕੀ) ਹਨ, 11 ਅਗਸਤ ਨੂੰ ਇਕ ਲੜਕੀ ਉਸ ਦੇ ਘਰ ਆਈ। ਜੋ ਆਪਣੇ ਆਪ ਨੂੰ ਪਿੰਡ ਝੰਮਟ ਦੀ ਰਹਿਣ ਵਾਲੀ ਦੱਸ ਰਹੀ ਸੀ। ਉਸਦੇ ਹੱਥ ਵਿੱਚ ਸਲਫਾਸ ਦੀਆਂ ਗੋਲੀਆਂ ਸਨ। ਜਦੋਂ ਉਹ ਉਸਦੇ ਘਰ ਪਹੁੰਚੀ ਤਾਂ ਗੁਰਪ੍ਰੀਤ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਘਰ ਵਿੱਚ ਮੌਜੂਦ ਸਨ। ਉਸ ਨੇ ਆਉਂਦਿਆਂ ਹੀ ਗੁਰਪ੍ਰੀਤ ਸਿੰਘ ਨੂੰ ਦੱਸਿਆ ਕਿ ਉਹ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਲੈ ਕੇ ਆਈ ਹੈ। 


ਹੁਣ ਮੇਰੇ ਨਾਲ ਚੱਲੋ ਨਹੀਂ ਤਾਂ ਮੈਂ ਇਹ ਗੋਲੀਆਂ ਨਿਗਲ ਕੇ ਇੱਥੇ ਮਰ ਜਾਵਾਂਗੀ। ਉਥੇ ਲੜਾਈ ਤੋਂ ਬਾਅਦ ਉਹ ਗੁਰਪ੍ਰੀਤ ਸਿੰਘ ਨੂੰ ਆਪਣੇ ਨਾਲ ਜਲੰਧਰ ਲੈ ਗਈ। ਇਸ ’ਤੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਉਸ ਨੂੰ ਅਗਵਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਪੁਲੀਸ ਥਾਣਾ ਸਿਟੀ ਜਗਰਾਉਂ ਨੂੰ ਸੂਚਿਤ ਕੀਤਾ।


 ਅਗਲੇ ਦਿਨ ਉਕਤ ਲੜਕੀ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਗੁਰਪ੍ਰੀਤ ਸਿੰਘ ਨੂੰ ਲੈ ਕੇ ਥਾਣਾ ਸਿਟੀ ਵਿਖੇ ਪਹੁੰਚ ਗਈ। ਉਥੇ ਵੀ ਉਸ ਦੀ ਗੁਰਪ੍ਰੀਤ ਨਾਲ ਲੜਾਈ ਹੋ ਗਈ ਅਤੇ ਉਸ ਨੂੰ ਧੱਕਾ ਦਿੱਤਾ ਅਤੇ ਬਾਅਦ ਵਿਚ ਉਹ ਸਾਰੇ ਉਥੋਂ ਚਲੇ ਗਏ। ਉਕਤ ਘਟਨਾ ਤੋਂ ਦੁਖੀ ਹੋ ਕੇ ਗੁਰਪ੍ਰੀਤ ਸਿੰਘ ਨੇ ਬੁੱਧਵਾਰ ਸਵੇਰੇ ਉਕਤ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਅਤੇ ਉਸ ਦੀ ਮੌਤ ਹੋ ਗਈ।ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ, ਵਾਰਡ ਦੇ ਕੌਂਸਲਰ ਹਿਮਾਂਸ਼ੂ ਮਲਿਕ ਅਤੇ ਹੋਰਨਾਂ ਨੇ ਕਾਰਵਾਈ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਲਿਆ ਹੈ। 


ਉਨ੍ਹਾਂ ਇਕੱਠੇ ਹੋ ਕੇ ਥਾਣਾ ਸਿਟੀ ਵਿਖੇ ਪਹੁੰਚ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਰਪ੍ਰੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।